ਯੂਪੀਐਸਸੀ ਨੇ ਸਿਵਲ ਸੇਵਾ ਪ੍ਰੀਖਿਆ- 2017 ਦਾ ਨਤੀਜਾ ਸ਼ੁੱਕਰਵਾਰ ਨੂੰ ਐਲਾਨ ਦਿੱਤਾ, ਜਿਸ ਤੋਂ ਬਾਅਦ ਦੇਸ਼ ਦੇ ਹਰ ਕੋਨੇ 'ਚ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ। ਢੋਲ ਵੱਜ ਰਹੇ ਹਨ ਤੇ ਖੁਸ਼ੀ ਦਾ ਮਾਹੌਲ ਹੈ। ਕਈ ਲੋਕਾਂ ਦੇ ਘਰਾਂ 'ਚ ਵਿਆਹ ਵਰਗਾ ਮਾਹੌਲ ਬਣ ਗਿਆ ਹੈ ਕਿਉਂਕਿ ਇਹ ਪ੍ਰੀਖਿਆ ਦੇਸ਼ ਦੀ ਸਭ ਤੋਂ ਔਖੀ ਵਿੱਦਿਅਕ ਪ੍ਰੀਖਿਆ ਮੰਨੀ ਜਾਂਦੀ ਹੈ।

 

ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਯੂਪੀਐਸਸੀ ਦੀ ਤਿਆਰੀ ਕਰਨ ਵੇਲੇ ਪਤਾ ਲੱਗਦਾ ਹੈ ਕਿ ਪੜ੍ਹਾਈ ਤਪੱਸਿਆ ਹੈ, ਇਸ ਵਾਰ ਸਿਖਰਲੇ ਨੰਬਰ 'ਤੇ ਹੈਦਰਾਬਾਦ ਦੇ ਅਨੁਦੀਪ ਦੁਰੀਸ਼ੇੱਟੀ ਚੁਣੇ ਗਏ ਹਨ। ਪੰਜਾਬ ਦੇ ਵੀ ਕਈ ਨੌਜਵਾਨਾਂ ਨੇ ਇਸ ਪ੍ਰੀਖਿਆ ਚ ਮੱਲਾਂ ਮਾਰੀਆਂ ਹਨ। ਆਓ ਪੰਜਾਬ ਤੇ ਹਰਿਆਣਾ ਦੇ ਨਵੇਂ ਬਣੇ ਅਫਸਰਾਂ ਨਾਲ ਤੁਹਾਡੀ ਜਾਣ ਪਛਾਣ ਕਰਵਾਉਂਦੇ ਹਾਂ।

ਜਲੰਧਰ ਦੇ ਸਿਰੜੀ ਨੌਜਵਾਨ ਵਰਜੀਤ ਵਾਲੀਆ ਨੇ ਦੇਸ਼ਭਰ 'ਚੋਂ 21ਵਾਂ ਰੈਂਕ ਹਾਸਲ ਕੀਤਾ ਹੈ। 26 ਸਾਲ ਦੇ ਵਰਜੀਤ ਸੀਨੀਅਰ ਪੱਤਰਕਾਰ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ ਦੇ ਪੁੱਤਰ ਹਨ। ਵਰਜੀਤ ਇਸ ਵੇਲੇ ਭਾਰਤੀ ਰੇਲਵੇ, ਲਖਨਊ ਵਿੱਚ ਨੌਕਰੀ ਕਰ ਰਹੇ ਹਨ। ਵਰਜੀਤ ਨੇ ਚੌਥੇ ਮੌਕੇ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਹੈ। ਵਰਜੀਤ ਨੇ ਕੈਮੀਕਨ ਇੰਜੀਨਅਰਿੰਗ 'ਚ ਬੀਟੈਕ ਕੀਤੀ ਹੈ।

ਲੁਧਿਆਣਾ ਦੇ 26 ਸਾਲਾ ਅਖਿਲ ਪਿਲਾਨੀ ਨੇ ਦੇਸ਼ ਭਰ ਚੋਂ 22ਵਾਂ ਰੈਂਕ ਹਾਸਲ ਕੀਤਾ ਹੈ। ਅਖਿਲ ਆਈਟੀ ਇੰਜੀਨੀਅਰ ਹਨ ਤੇ ਨੋਇਡਾ ਵਿਚ ਆਈਟੀ ਇੰਜੀਨੀਅਰ ਵਜੋਂ ਨੌਕਰੀ ਕਰਦੇ ਸਨ।

ਅਮਨਦੀਪ ਕੌਰ ਧਨੋਆ ਬਠਿੰਡਾ ਦੀ ਰਹਿਣ ਵਾਲੀ ਹੈ, 311ਵਾਂ ਰੈਂਕ ਹਾਸਲ ਕੀਤਾ ਹੈ। ਬਾਰ੍ਹਵੀਂ ਤੱਕ ਦੀ ਪੜ੍ਹਾਈ ਬਠਿੰਡਾ ਤੋਂ ਕੀਤੀ ਤੇ ਬਾਅਦ ਵਿੱਚ ਬਿਰਲਾ ਇੰਸਟੀਚਊਟ ਆਫ਼ ਟੈਕਨਲੋਜੀ ਐਂਡ ਸਾਇੰਸ ਅਦਾਰੇ ਤੋਂ ਮਕੈਨੀਅਲ ਇੰਜੀਨੀਅਰ ਦੀ ਡਿਗਰੀ ਕੀਤੀ। ਦੋ ਸਾਲ ਚੇਨੱਈ ਵਿੱਚ ਇੰਜੀਨੀਅਰ ਵਜੋਂ ਨੌਕਰੀ ਕੀਤੀ। ਫਿਰ 2014 'ਚ ਨੌਕਰੀ ਛੱਡ ਕੇ ਆਈਏਐਸ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। 2015 ਤੇ 2016 ਵਿੱਚ ਕਾਮਯਾਬੀ ਨਾ ਮਿਲੀ ਪਰ 2017 ਅਮਨਦੀਪ ਦੇ ਨਾਂ ਰਿਹਾ। ਪਰ ਆਈਏਐਸ ਬਣਨ ਦਾ ਸੁਫ਼ਨਾ ਹਾਲੇ ਵੀ ਅਧੂਰਾ ਹੈ ਇਸ ਕਰ ਕੇ ਅਮਨਦੀਪ ਅੱਗੇ ਵੀ ਪੜ੍ਹਾਈ ਜਾਰੀ ਰੱਖੇਗੀ।

ਚੰਡੀਗੜ੍ਹ ਦੀ ਮੇਘਾ ਅਰੋੜਾ ਨੇ ਦੇਸ਼ਭਰ ਚੋਂ 108ਵਾਂ ਰੈਂਕ ਹਾਸਲ ਕੀਤਾ ਹੈ। ਮੇਘਾ ਨੇ ਲੰਦਨ ਯੂਨੀਵਰਸਿਟੀ ਤੋਂ ਫੌਰਨ ਅਫੇਅਰਸ ਵਿੱਚ ਮਾਸਟਰ ਡਿਗਰੀ ਕੀਤਾ ਹੈ। ਮੇਘਾ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦੀ ਧੀ ਹੈ। ਡੀਜੀਪੀ ਦੀ ਧੀ ਨੇ ਯੂਪੀਐਸਸੀ ਵਿੱਚ ਤੀਜੇ ਹੰਭਲੇ ਕਾਮਯਾਬੀ ਹਾਸਲ ਕੀਤੀ ਹੈ।

ਪੰਜਾਬ ਤੇ ਚੰਡੀਗੜ੍ਹ ਤੋਂ ਬਾਅਦ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਸੂਬੇ ਖਿਡਾਰੀਆਂ ਵੱਲੋਂ ਕਾਮਨਵੈਲਥ ਵਿੱਚ ਮੱਲਾਂ ਮਾਰਨ ਤੋਂ ਬਾਅਦ ਹੁਣ ਹਰਿਆਣਾ ਦੇ ਆਈਏਐਸ ਉਮੀਦਵਾਰਾਂ ਨੇ ਵੀ ਸੂਬੇ ਦਾ ਨਾਂ ਖੂਬ ਰੌਸ਼ਨ ਕੀਤਾ ਹੈ। ਦੂਜਾ, ਤੀਜਾ ਤੇ ਪੰਜਵਾਂ ਸਥਾਨ ਦੇ ਅਫਸਰ ਦੇਸ਼ ਨੂੰ ਦੇ ਕੇ ਹਰਿਆਣਾ ਬਾਗ਼ੋਬਾਗ਼ ਹੈ।

ਸੋਨੀਪਤ ਦੀ ਅਨੂੰ ਕੁਮਾਰੀ ਨੇ ਦੇਸ਼ ਭਰ ਤੋਂ ਦੂਜਾ ਰੈਂਕ ਹਾਸਲ ਕਰਕੇ ਹਰਿਆਣਾ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਅਨੂ ਸਿਰਫ਼ ਲੜਕੀਆਂ ਲਈ ਹੀ ਨਹੀਂ ਬਲਕਿ ਕੰਮਕਾਜੀ ਔਰਤਾਂ ਲਈ ਵੀ ਮਿਸਾਲ ਬਣੀ ਹੈ। 4 ਸਾਲ ਦੇ ਪੁੱਤਰ ਦੀ ਮਾਂ ਅਨੂੰ ਨੇ ਮਮਤਾ ਤੇ ਘਰ ਦਾ ਮੋਹ ਤਿਆਗ ਕੇ ਪੂਰਾ 1 ਸਾਲ ਤਪੱਸਿਆ ਕੀਤੀ। ਅਨੂੰ ਨੇ ਫਿਜ਼ਿਕਸ ਨਾਲ ਬੀਐਸਸੀ ਆਨਰਸ ਦੀ ਪੜ੍ਹਾਈ ਕੀਤੀ। ਅਨੂੰ ਦੀ ਕਾਮਯਾਬੀ 'ਤੇ ਉਨ੍ਹਾਂ ਦੇ ਪੇਕੇ ਤੇ ਸਹੁਰੇ ਪਰਿਵਾਰ ਦੋਵਾਂ ਨੂੰ ਮਾਣ ਹੈ।

ਹਰਿਆਣਾ ਦੇ ਹੀ ਸਚਿਨ ਗੁਪਤਾ ਨੇ ਦੇਸ਼ ਭਰ ਤੋਂ ਤੀਜਾ ਰੈਂਕ ਹਾਸਲ ਕਰ ਕੇ ਆਪਣੇ ਸ਼ਹਿਰ ਸਿਰਸਾ ਦਾ ਨਾਂ ਰੌਸ਼ਨ ਕਰ ਦਿੱਤਾ। 31 ਸਾਲ ਦੇ ਸਚਿਨ ਨੇ ਦੂਜੀ ਵਾਰ ਵਿੱਟ ਕਾਮਯਾਬੀ ਹਾਸਲ ਕੀਤੀ। ਥਾਪਰ ਯੂਨੀਵਰਿਸਟੀ, ਪਟਿਆਲਾ ਤੋਂ ਸਚਿਨ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ ਤੇ ਗੁੜਗਾਉਂ ਵਿੱਚ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਰਹੇ ਸਨ। 2017 ਵਿੱਚ ਸਚਿਨ ਨੇ ਨਕਰੀ ਛੱਡ ਕੇ ਬੈਂਗਲੌਰ ਤੋਂ ਆਈਏਐਸ ਦੀ ਪ੍ਰੀਖਿਆ ਲਈ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ। ਸਚਿਨ ਨੇ ਪਹਿਲਾਂ ਵੀ ਇੱਕ ਵਾਰ ਪ੍ਰੀਖਿਆ ਦਿੱਤੀ ਸੀ ਤੇ 575ਵਾਂ ਰੈਂਕ ਹਾਸਲ ਕੀਤਾ ਸੀ।

ਮਹੇਂਦਰਗੜ੍ਹ ਦੇ ਪ੍ਰਥਮ ਕੌਸ਼ਿਕ ਨੇ ਪੂਰੇ ਭਾਰਤ ਚੋਂ 5ਵੇਂ ਥਾਂ ਤੇ ਕਬਜ਼ਾ ਕੀਤਾ। ਪ੍ਰਥਮ ਪਿੰਡ ਢਗਡੌਲੀ ਦੇ ਰਹਿਣ ਵਾਲੇ ਹਨ। ਬੀਟੈਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪ੍ਰਥਮ ਨੇ ਆਈਏਐਸ ਦੀ ਤਿਆਰੀ ਸ਼ੁਰੂ ਕੀਤੀ ਤੇ ਦੂਜੀ ਕੋਸ਼ਿਸ਼ ਵਿੱਚ ਹੀ ਕਾਮਯਾਬੀ ਦੀ ਸਿਖਰਲੀ ਮੰਜ਼ਿਲ ਸਰ ਕਰ ਲਈ।

ਇਸ ਵਾਰ ਦੇਸ਼ ਭਰ 'ਚੋਂ 990 ਉਮੀਦਵਾਰ ਚੁਣੇ ਗਏ, ਜਿਨ੍ਹਾਂ 'ਚੋਂ 750 ਲੜਕੇ ਤੇ 240 ਲੜਕੀਆਂ ਹਨ। 180 ਆਈਏਐਸ ਚੁਣੇ ਗਏ ਹਨ, 42 ਆਈਐਰਐਸ ਯਾਨੀ ਵਿਦੇਸ਼ ਸੇਵਾ, 150 ਆਈਪੀਸਐਸ ਯਾਨੀ ਪੁਲਿਸ ਮਹਿਕਮੇ ਦੇ ਉੱਚ ਅਫਸਰਾਂ ਵਜੋਂ ਸੇਵਾਵਾਂ ਦੇਣਗੇ। 28 ਅਕਤੂਬਰ 2017 ਨੂੰ 'ਮੇਨਜ਼' ਦੀ ਪ੍ਰੀਖਿਆ ਹੋਈ ਸੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਹਰ ਸਾਲ ਪ੍ਰੀਖਿਆ ਲਈ ਜਾਂਦੀ ਹੈ ਤੇ ਦੇਸ਼ ਦੇ ਵੱਖ-ਵੱਖ ਪ੍ਰਸ਼ਾਸ਼ਕੀ ਖੇਤਰਾਂ ਲਈ ਕਾਬਲ ਨੌਜਵਾਨ ਚੁਣੇ ਜਾਂਦੇ ਹਨ। ਏਬੀਪੀ ਸਾਂਝਾ ਦੀ ਪੂਰੀ ਟੀਮ ਵੱਲੋਂ ਪੰਜਾਬ ਸਮੇਤ ਪੂਰੇ ਦੇਸ਼ ਦੇ ਨਵੇਂ ਚੁਣੇ ਆਈਏਐਸ ਅਫਸਰਾਂ ਨੂੰ ਬਹੁਤ ਮੁਬਾਰਕਬਾਦ ਅਤੇ ਲੋਕਾਂ ਦੀ ਸੇਵਾ ਇਮਾਨਦਾਰ ਤੇ ਪਰਪੱਕ ਢੰਗ ਨਾਲ ਕਰਨ ਲਈ ਸ਼ੁਭਕਾਮਨਾਵਾਂ।