ਪਟਿਆਲਾ: ਕੈਪਟਨ ਸਰਕਾਰ ਨਸ਼ਿਆਂ ਨੂੰ ਨੱਥ ਪਾਉਣ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਨਸ਼ਾ ਮੁਕਤੀ ਕੇਂਦਰਾਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਤਨਖਾਹ ਤੱਖ ਨਹੀਂ ਮਿਲ ਰਹੀ। ਅੱਜ ਪੰਜਾਬ ਦੇ ਸਮੂਹ ਨਸ਼ਾ ਮੁਕਤੀ ਕੇਂਦਰਾਂ ਦੇ ਮੁਲਾਜ਼ਮਾਂ ਨੇ ਪੱਕੇ ਕਰਨ ਤੇ ਤਨਖਾਹ ਵਧਾਏ ਜਾਣ ਦੇ ਮਾਮਲੇ ਨੂੰ ਲੈ ਕੇ ਹੜਤਾਲ ਕਰ ਦਿੱਤੀ। ਇਸ ਕਰਕੇ 400 ਦੇ ਕਰੀਬ ਰੋਜ਼ਾਨਾ ਦਵਾਈ ਲੈਣ ਵਾਲੇ ਨਸ਼ਾ ਪੀੜਤਾਂ ਨੂੰ ਕੋਈ ਦਵਾਈ ਨਹੀਂ ਮਿਲ ਸਕੀ।   ਇਸ ਕਰਕੇ ਨਸ਼ਾ ਪੀੜਤ ਮਰੀਜ਼ਾਂ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ। ਮਰੀਜ਼ਾਂ ਨੇ ਕਿਹਾ ਕਿ ਹੁਣ ਨਸ਼ਾ ਮੁਕਤੀ ਕੇਂਦਰ ਵਿੱਚ ਹੜਤਾਲ ਕਰਕੇ ਦਵਾਈ ਨਹੀਂ ਮਿਲੀ। ਇਸ ਕਰਕੇ ਉਨ੍ਹਾਂ ਦੇ ਸ਼ਰੀਰ ਨੂੰ ਤੋੜ ਲੱਗ ਰਹੀ ਹੈ। ਇਸ ਹੜਤਾਲ ਕਰਕੇ ਉਨ੍ਹਾਂ ਨੂੰ ਮੁੜ ਨਸ਼ਾ ਲੈਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਉਨ੍ਹਾਂ ਦੀ ਪਿਛਲੀ ਖਾਧੀ ਦਵਾਈ ਤੇ ਨਸ਼ਾ ਛੱਡਣ ਲਈ ਬਣਾਇਆ ਮਨੋਬਲ ਟੁੱਟ ਸਕਦਾ ਹੈ। ਦਰਅਸਲ ਨਸ਼ਾ ਮੁਕਤੀ ਕੇਂਦਰਾਂ ਵਿੱਚ ਤਾਇਨਾਤ 250 ਦੇ ਕਰੀਬ ਮੁਲਾਜਮ ਹੜਤਾਲ 'ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲ ਤੋਂ ਉਨ੍ਹਾਂ ਨੂੰ ਸਰਕਾਰ ਨੇ ਕੀਤੇ ਵਾਅਦੇ ਮੁਤਾਬਕ ਸਿਹਤ ਵਿਭਾਗ ਵਿੱਚ ਤਾਇਨਾਤੀ ਨਹੀਂ ਦਿੱਤੀ। ਇਸ ਤੋਂ ਇਲਾਵਾ 35000 ਹਜ਼ਾਰ ਰੁਪਏ ਤਨਖਾਹ ਦਾ ਵਾਅਦਾ ਤੇ ਪੱਕੇ ਕਰਨ ਦੀ ਥਾਂ ਕੇਵਲ 15 ਹਜ਼ਾਰ ਰੁਪਏ ਹੀ ਤਨਖਾਹ ਦਿੱਤੀ ਜਾ ਰਹੀ ਹੈ। ਇਸ ਕਰਕੇ ਉਨ੍ਹਾਂ ਨੂੰ ਸਰਕਾਰ ਖਿਲਾਫ ਹੜਤਾਲ ਉੱਤੇ ਜਾਣਾ ਪਿਆ ਹੈ। ਜੇਕਰ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਮੰਗ ਮੁੱਖ ਮੰਤਰੀ ਤੱਕ ਨਹੀਂ ਪੁੰਹਚਾਈ ਤਾਂ ਮਜਬੂਰਨ ਉਨ੍ਹਾਂ ਨੂੰ ਹੜਤਾਲ ਵਿੱਚ ਵਾਧਾ ਕਰਨਾ ਪਵੇਗਾ।