ਸਿੱਖਿਆ ਮੰਤਰੀ ਦੀ ਸਖਤੀ ਖਿਲਾਫ ਡਟੇ ਸਟੇਟ ਐਵਾਰਡੀ ਅਧਿਆਪਕ
ਏਬੀਪੀ ਸਾਂਝਾ | 12 Oct 2018 02:44 PM (IST)
ਚੰਡੀਗੜ੍ਹ: ਸਿੱਖਿਆ ਮੰਤਰੀ ਦੀ ਸਖਤੀ ਕਰਕੇ ਅਧਿਆਪਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਚੰਗੀ ਕਾਰਗੁਜ਼ਾਰੀ ਕਰਕੇ ਸਟੇਟ ਐਵਾਰਡ ਪਾਉਣ ਵਾਲੇ ਅਧਿਆਪਕਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਧਿਆਪਕਾਂ ਵੱਲੋਂ ਧੜਾਧੜ ਸਟੇਟ ਐਵਾਰਡ ਤੇ ਹੋਰ ਸਨਮਾਨ ਮੋੜੇ ਜਾ ਰਹੇ ਹਨ। ਸਟੇਟ ਐਵਾਰਡੀ ਅਧਿਆਪਕ ਪਰਮਜੀਤ ਸਿੰਘ ਮਗਰੋਂ ਅਧਿਆਪਕ ਸੁਖਦੇਵ ਮਿੱਤਲ ਨੇ ਪੰਜਾਬ ਸਰਕਾਰ ਨੂੰ ਸਟੇਟ ਐਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਦੇ ਅਧਿਆਪਕ ਰਾਕੇਸ਼ ਕੰਬੋਜ ਨੇ ਵੀ ਸਰਕਾਰ ਵੱਲੋਂ ਸਾਲ 2015 ਵਿੱਚ ਦਿੱਤਾ ਪ੍ਰਸੰਸਾ ਪੱਤਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸੁਖਦੇਵ ਮਿੱਤਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਣਿਤ ਅਧਿਆਪਕ ਹਨ। ਮਿੱਤਲ ਨੇ ਦਿਉਣ ਸਕੂਲ ਵਿੱਚ ਗਣਿਤ ਲੈਬ ਬਣਾਈ ਹੈ, ਜੋ ਪੰਜਾਬ ਭਰ ’ਚੋਂ ਵਿਲੱਖਣ ਹੈ। ਪੰਜਾਬ ਸਰਕਾਰ ਨੇ ਮਿੱਤਲ ਨੂੰ 2015 ਵਿਚ ਸਟੇਟ ਐਵਾਰਡ ਨਾਲ ਸਨਮਾਨਿਆ ਸੀ। ਸਟੇਟ ਐਵਾਰਡੀ ਅਧਿਆਪਕਾਂ ਦਾ ਕਹਿਣਾ ਹੈ ਕਿ ਜਿਸ ਸਰਕਾਰ ਵਿੱਚ ਅਧਿਆਪਕਾਂ ਨਾਲ ਅਜਿਹਾ ਸਲੂਕ ਹੋ ਰਿਹਾ ਹੋਵੇ, ਉਸ ਸਰਕਾਰ ਦਾ ਐਵਾਰਡ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਆਖਿਆ ਕਿ ਅਧਿਆਪਕ ਸੜਕਾਂ ’ਤੇ ਰੁਲ ਰਹੇ ਹਨ ਤੇ ਉਨ੍ਹਾਂ ਦੀ ਤਨਖ਼ਾਹ ’ਤੇ ਵੱਡਾ ਕੱਟ ਲਾ ਕੇ ਸਰਕਾਰ ਨੇ ਧ੍ਰੋਹ ਕਮਾਇਆ ਹੈ। ਸਟੇਟ ਐਵਾਰਡੀ ਅਧਿਆਪਕਾਂ ਦਾ ਕਹਿਣਾ ਹੈ ਕਿ ਘੱਟ ਤਨਖ਼ਾਹ ’ਤੇ ਰੈਗੂਲਰ ਕਰਨ ਦੀ ਨੀਤੀ ਅਧਿਆਪਕ ਮਾਰੂ ਹੈ ਤੇ ਉਹ ਇਸ ਨੀਤੀ ਖ਼ਿਲਾਫ਼ ਆਪਣਾ ਪ੍ਰਸੰਸਾ ਪੱਤਰ ਵਾਪਸ ਕਰਦੇ ਹਨ। ਉਸ ਨੇ ਮੁਅੱਤਲੀ ਵਾਸਤੇ ਵੀ ਆਪਣਾ ਨਾਮ ਪੇਸ਼ ਕਰ ਦਿੱਤਾ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮ ਭੱਟੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਈਟੀਟੀ ਅਧਿਆਪਕ ਰਾਜਪਾਲ ਸਿੰਘ ਨੇ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਦਿੱਤੇ ਸਨਮਾਨ ਪੱਤਰ ਨੂੰ ਵਾਪਸ ਕਰਨ ਦਾ ਜਨਤਕ ਐਲਾਨ ਕੀਤਾ ਹੈ। ਇਸੇ ਤਰ੍ਹਾਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਦੇ ਪੀਟੀਆਈ ਅਧਿਆਪਕ ਨਰੇਸ਼ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਅਧਿਆਪਕਾਂ ਖ਼ਿਲਾਫ਼ ਸਰਕਾਰੀ ਨੀਤੀ ਦੇ ਵਿਰੋਧ ਵਿਚ ਸਨਮਾਨ ਪੱਤਰ ਵਾਪਸ ਕਰਨ ਦਾ ਐਲਾਨ ਕੀਤਾ ਹੈ।