ਪਟਿਆਲਾ: ਅਧਿਆਪਕਾਂ ਦੀਆਂ ਤਨਖਾਹਾਂ 'ਚ ਵੱਡੀ ਕਟੌਤੀ ਦੇ ਮਾਮਲੇ 'ਤੇ ਕੈਪਟਨ ਸਰਕਾਰ ਕਸੂਤੀ ਘਿਰ ਗਈ ਹੈ। ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕ ਲੀਡਰਾਂ ਨੂੰ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ ਮੁਅੱਤਲ ਕਰਨ ਮਗਰੋਂ ਮੁਲਾਜ਼ਮਾਂ ਦੀਆਂ ਸਮੂਹ ਫੈਡਰੇਸ਼ਨਾਂ ਤੇ ਜਥੇਬੰਦੀਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਹੱਕ ਵਿੱਚ ਡਟ ਗਈਆਂ ਹਨ।


 

ਪੰਜਾਬ ਸਰਕਾਰ ਦੇ ਸਮੂਹ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਨੂੰ ਸਬਕ ਸਿਖਾਉਣ ਦੀ ਰਣਨੀਤੀ ਘੜੀ ਹੈ। ਇਸ ਤਹਿਤ ਮੁਲਾਜ਼ਮਾਂ ਦੀਆਂ ਸਮੂਹ ਫੈਡਰੇਸ਼ਨਾਂ ਤੇ ਜਥੇਬੰਦੀਆਂ ਨੇ ਅਧਿਆਪਕ ਮੋਰਚੇ ਵੱਲੋਂ ਐਲਾਨੇ 11 ਅਕਤੂਬਰ ਦੇ ਜ਼ਿਲ੍ਹਾ ਪੱਧਰੀ ਮਸ਼ਾਲ ਮਾਰਚ ਤੇ 13 ਅਕਤੂਬਰ ਨੂੰ ਪਟਿਆਲਾ ਵਿੱਚ ਹੋਣ ਜਾ ਰਹੀ ਸੂਬਾਈ 'ਪੋਲ ਖੋਲ੍ਹ ਰੈਲੀ', ਪੱਕਾ ਧਰਨਾ ਤੇ ਮਰਨ ਵਰਤ ਦੀ ਡੱਟਵੀਂ ਹਮਾਇਤ ਕਰਨ ਦਾ ਫੈਸਲਾ ਵੀ ਕੀਤਾ ਹੈ।


ਸਤੀਸ਼ ਰਾਣਾ ਦੀ ਪ੍ਰਧਾਨਗੀ ਵਿੱਚ ਪਟਿਆਲਾ ਦੇ ਤਰਕਸ਼ੀਲ ਹਾਲ 'ਚ ਹੋਈ ਮੀਟਿੰਗ 'ਚ ਹੋਏ ਫੈਸਲੇ ਅਨੁਸਾਰ 13 ਅਕਤੂਬਰ ਨੂੰ ਪਟਿਆਲਾ ਵਿੱਚ ਹੀ ਅਗਲੀ ਮੀਟਿੰਗ ਸੱਦਣ ਦਾ ਫੈਸਲਾ ਵੀ ਕੀਤਾ ਗਿਆ। ਮੁਲਾਜ਼ਮ ਜਥੇਬੰਦੀਆਂ ਨੇ 13 ਅਕਤੂਬਰ ਦੀ ਅਗਲੀ ਮੀਟਿੰਗ ਵਿੱਚ ਅੱਜ ਨਾ ਸ਼ਾਮਲ ਹੋ ਸਕੀਆਂ ਪੰਜਾਬ ਦੀਆਂ ਹੋਰ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਸੱਦਾ ਲਾਉਣ ਦਾ ਐਲਾਨ ਕੀਤਾ।


ਇਸ ਮੌਕੇ ਪਸਸਫ (ਵਿਗਿਆਨਕ) ਤੋਂ ਸੁਖਦੇਵ ਸਿੰਘ ਸੈਣੀ, ਪਸਸਫ ਤੋਂ ਸਤੀਸ਼ ਰਾਣਾ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਤੋਂ ਵਿਕਰਮ ਦੇਵ ਸਿੰਘ, ਪੰਜਾਬ ਸਟੇਟ ਕਰਮਚਾਰੀ ਦਲ ਤੋਂ ਹਰੀ ਸਿੰਘ ਟੌਹੜਾ, ਪਸਸਫ (1406 22 ਬੀ) ਤੋਂ ਦਰਸ਼ਨ ਬੇਲੂਮਾਜ਼ਰਾ ਤੇ ਕਰਮਜੀਤ ਸਿੰਘ ਬੀਹਲ, ਜਲ ਸਪਲਾਈ ਯੂਨੀਅਨ ਤੋਂ ਜੀਤ ਸਿੰਘ ਬਠੋਈ, ਟੈਕਨੀਕਲ ਸਰਵਿਸਜ਼ ਯੂਨੀਅਨ ਤੋਂ ਕੁਲਦੀਪ ਸਿੰਘ ਖੰਨਾ, ਫੀਲਡ ਤੇ ਵਰਕਸ਼ਾਪ ਯੂਨੀਅਨ ਤੋਂ ਦਰਸ਼ਨ ਚੀਮਾ, ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਤੋਂ ਕਰਮਜੀਤ ਮਾਨ, ਪੀਡਬਲੀਉਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਤੋਂ ਗੁਰਬਿੰਦਰ ਸਿੰਘ, ਮਨਜੀਤ ਸੈਣੀ ਤੇ ਗੁਰਬਿੰਦਰ ਸਿੰਘ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ।