ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਗ਼ਰੀਬ ਤੇ ਦਲਿਤ (ਐਸਸੀ) ਵਿਦਿਆਰਥੀਆਂ ਲਈ ਕਿਤਾਬਾਂ (ਟੈਕਸਟ ਬੁੱਕਸ) ਪ੍ਰਿੰਟ ਨਾ ਕਰਾਉਣ ਦਾ ਫ਼ੈਸਲਾ ਲਿਆ ਹੈ। ਉੱਧਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਗ਼ਰੀਬ ਤੇ ਦਲਿਤ ਵਿਰੋਧੀ ਫ਼ੈਸਲਾ ਕਰਾਰ ਦਿੱਤਾ ਹੈ।

ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਇਸ ਬਾਰੇ ਕਿਹਾ ਕਿ ਵਿੱਤੀ ਸੰਕਟ ਕਾਰਨ ਦਲਿਤ ਵਿਦਿਆਰਥੀਆਂ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਵਿਸ਼ਾ ਪੁਸਤਕਾਂ ਦੀ ਛਪਾਈ ਨਾ ਕਰਾਉਣਾ ਗ਼ਰੀਬਾਂ ਤੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਇਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਬੇਹੱਦ ਸ਼ਰਮਨਾਕ ਗੱਲ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਪਰ ਸੂਬਾ ਸਰਕਾਰ 'ਤੇ ਨਿਰਭਰ ਲੱਖਾਂ ਗ਼ਰੀਬ ਦਲਿਤ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਦੀ ਅਜੇ ਤੱਕ ਛਪਵਾਈ ਹੀ ਨਹੀਂ ਹੋਈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਲੀ ਸੰਕਟ ਦੇ ਹਵਾਲੇ ਨਾਲ ਇਹ ਕਿਤਾਬਾਂ ਪ੍ਰਿੰਟ ਨਾ ਕਰਾਉਣ ਦਾ ਵਿਦਿਆਰਥੀ ਵਿਰੁੱਧ ਫ਼ੈਸਲਾ ਲੈ ਲਿਆ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਤਾਬਾਂ ਦੀ ਪ੍ਰਿੰਟਿੰਗ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਫ਼ੰਡ ਹੀ ਜਾਰੀ ਨਹੀਂ ਕੀਤੇ। ਪ੍ਰਾਪਤ ਰਿਪੋਰਟਾਂ ਮੁਤਾਬਿਕ ਚਾਲੂ ਵਿੱਦਿਅਕ ਵਰ੍ਹੇ 'ਚ ਇਨ੍ਹਾਂ ਕਿਤਾਬਾਂ ਲਈ 65 ਕਰੋੜ ਰੁਪਏ ਦੀ ਰਾਸ਼ੀ ਬਣਦੀ ਹੈ ਜਦਕਿ ਸਰਕਾਰ ਵੱਲ ਪਿਛਲਾ ਕੁੱਲ ਬਕਾਇਆ 262 ਕਰੋੜ ਤੱਕ ਪਹੁੰਚ ਗਿਆ ਹੈ। ਸਰਕਾਰ ਨੇ 132 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਇੱਕ ਪਾਸੇ ਗ਼ਰੀਬਾਂ ਦਲਿਤਾਂ ਦੇ ਬੱਚਿਆਂ ਦੀ ਪੜਾਈ ਲਈ ਸਰਕਾਰ ਕੋਲੋਂ ਸਾਲਾਨਾ ਕਰੀਬ 65 ਕਰੋੜ ਰੁਪਏ ਦਾ ਪ੍ਰਬੰਧ ਨਹੀਂ ਹੋ ਸਕਦਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਥੱਲੇ ਨਹੀਂ ਉੱਤਰਦੇ, ਜਿਸ ਦਾ ਸਾਲਾਨਾ ਬਜਟ ਇਸ ਤੋਂ ਕਿਤੇ ਜ਼ਿਆਦਾ ਹੈ।