ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੰਵਲਜੀਤ ਸਿੰਘ ਸੰਘਾ ਨੇ ਅੰਮ੍ਰਿਤਸਰ ਦਾ ਰਿਕਾਰਡ ਆਨਲਾਈਨ ਚੜ੍ਹਾਉਣ ਦੀ ਪ੍ਰਕਿਰਿਆ ਮੁਕੰਮਲ ਕੀਤੀ। ਇਸ ਦੇ ਨਾਲ ਹੀ ਅੱਜ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਜਿੱਥੇ ਮਾਲ ਮਹਿਕਮੇ ਦਾ ਸਾਰਾ ਰਿਕਾਰਡ ਆਨਲਾਈਨ ਹੋ ਗਿਆ ਤੇ ਮਾਲ ਮਹਿਕਮੇ ਨਾਲ ਸਬੰਧਤ ਲੋਕਾਂ ਦੀਆਂ ਰਜਿਸਟਰੀਆਂ ਦਾ ਕੰਮ ਵੀ ਆਨਲਾਈਨ ਹੀ ਹੋਇਆ ਕਰੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਰੈਵੇਨਿਊ ਵਿਭਾਗ ਦਾ ਅਧੂਰਾ ਪਿਆ ਆਨਲਾਈਨ ਕੰਮ ਆਖਰਕਾਰ ਅੱਜ ਮੁਕੰਮਲ ਹੋ ਗਿਆ। ਅੰਮ੍ਰਿਤਸਰ ਸੂਬੇ ਦਾ ਇੱਕੋ-ਇੱਕ ਜ਼ਿਲ੍ਹਾ ਰਹਿ ਗਿਆ ਸੀ ਜਿਸ ਨੂੰ ਮਾਲ ਵਿਭਾਗ ਵੱਲੋਂ ਆਨਲਾਈਨ ਕਰਨ ਦਾ ਕੰਮ ਕਾਫੀ ਸਮੇਂ ਤੋਂ ਅਧਵਾਟੇ ਲਟਕਿਆ ਪਿਆ ਸੀ। ਹਾਲਾਂਕਿ ਇਸ ਨੂੰ ਲੈ ਕੇ ਕਈ ਵਾਰ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਵਿੱਚ ਖਿੱਚੋਤਾਣ ਵੀ ਦੇਖਣ ਨੂੰ ਮਿਲੀ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਕੁਝ ਪੁਰਾਣੇ ਇਲਾਕਿਆਂ ਦਾ ਕੰਮ ਆਨਲਾਈਨ ਲਿਆਉਣ ਵਿੱਚ ਸਰਕਾਰ ਨੂੰ ਕਾਫੀ ਦਿੱਕਤ ਆ ਰਹੀ ਸੀ। ਇਹ ਸ਼ਹਿਰ ਕਾਫੀ ਪੁਰਾਣਾ ਵਸਿਆ ਹੋਇਆ ਸੀ ਤੇ ਇਸ ਦੇ ਜ਼ਮੀਨੀ ਰਿਕਾਰਡ ਆਪਸ 'ਚ ਮਿਲਾਉਣ ਲਈ ਸਰਕਾਰ ਕਈ ਵਾਰ ਮੱਥਾ ਮਾਰਦੀ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਤੇ ਹੋਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਸਾਰੇ ਮਾਲ ਵਿਭਾਗ ਦੇ ਰਿਕਾਰਡ ਨੂੰ ਆਨਲਾਈਨ ਕਰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਇਸ ਨੂੰ ਲਾਗੂ ਕਰਨ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।
ਲਗਭਗ ਘੰਟਾ ਚੱਲੀ ਵੀਡੀਓ ਕਾਨਫਰੰਸਿੰਗ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਤਹਿਸੀਲ ਦੇ ਦਫਤਰ ਵਿੱਚ ਪਹੁੰਚ ਕੇ ਆਨਲਾਈਨ ਰਜਿਸਟਰੀਆਂ ਤੇ ਵਸੀਅਤਾਂ ਕਰਨ ਦਾ ਕੰਮ ਸ਼ੁਰੂ ਕਰਵਾਇਆ ਤੇ ਸਾਰੇ ਪ੍ਰੋਸੈੱਸ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਦੀ ਹਦਾਇਤ ਵੀ ਜਾਰੀ ਕੀਤੀ।
ਰਿਕਾਰਡ ਆਨਲਾਈਨ ਕਰਨ ਦੇ ਮਕਸਦ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਸੰਘਾ ਨੇ ਕਿਹਾ ਕਿ ਇਸ ਨਾਲ ਇੱਕ ਤਾਂ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਤੇ ਦੂਜਾ ਇਸ ਵਿਭਾਗ ਵਿੱਚ ਚੱਲਦੀ ਸੌਦੇਬਾਜ਼ੀ ਤੇ ਰਿਸ਼ਵਤ ਖੋਰੀ ਨੂੰ ਠੱਲ੍ਹ ਪਾਈ ਜਾ ਸਕੇਗੀ।
ਇਸ ਮੌਕੇ ਪੁੱਜੇ ਕੁਝ ਲੋਕਾਂ ਨੇ 'ਏਬੀਪੀ ਸਾਂਝਾ' ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਵਧੀਆ ਹੈ ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ ਪਰ ਬਸ਼ਰਤੇ ਇਸ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸ ਨੂੰ ਮਿੱਥੇ ਸਮੇਂ ਤੇ ਆਨਲਾਈਨ ਤਾਂ ਕਰਵਾ ਦਿੱਤਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਸਤਾਈ ਜੂਨ ਦਾ ਸਮਾਂ ਮਿੱਥਿਆ ਸੀ ਪਰ ਕੀ ਇਹ ਸਹੀ ਢੰਗ ਨਾਲ ਲਾਗੂ ਹੋ ਸਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।