Punjab News: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਤਿੱਖੀ ਸ਼ਬਦਾਵਲੀ ਤੋਂ ਕਿਸਾਨ ਖਫਾ ਹੋ ਗਏ ਹਨ। ਜਾਖੜ ਨੇ ਕਿਸਾਨ ਲੀਡਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਸੀ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਹਨ। ਇਸ ਲਈ ਅੱਜ ਅਬੋਹਰ 'ਚ 48 ਡਿਗਰੀ ਸੈਲਸੀਅਸ ਦੇ ਕਰੀਬ ਤਾਪਮਾਨ 'ਚ ਕਿਸਾਨਾਂ ਨੇ ਜਾਖੜ (Sunil Jakhar) ਦੇ ਘਰ ਬਾਹਰ ਧਰਨਾ ਲਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਭਾਜਪਾ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ। ਭਾਜਪਾ ਆਗੂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕੰਨੀ ਕਤਰਾ ਰਹੇ ਹਨ।



ਦਰਅਸਲ ਜਿੱਥੇ ਇੱਕ ਪਾਸੇ ਕਿਸਾਨ ਯੂਨੀਅਨਾਂ ਵੱਲੋਂ ਹਰ ਰੋਜ਼ ਚੋਣ ਪ੍ਰਚਾਰ ਲਈ ਆਉਣ ਵਾਲੇ ਭਾਜਪਾ ਉਮੀਦਵਾਰਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕੜਾਕੇ ਦੀ ਗਰਮੀ ਵਿੱਚ ਅੱਜ ਕਿਸਾਨ ਯੂਨੀਅਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਘਰ ਬਾਹਰ ਅਣਮਿਥੇ ਸਮੇਂ ਲਈ ਧਰਨਾ ਲੈ ਦਿੱਤਾ।


ਧਰਨੇ ’ਤੇ ਬੈਠੇ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਤੇ ਗੋਲਡੀ ਮਾਮੂਖੇੜਾ ਨੇ ਕਿਹਾ ਕਿ ਉਹ ਭਾਜਪਾ ਦਾ ਵਿਰੋਧ ਨਹੀਂ ਕਰਦੇ ਪਰ ਉਹ ਭਾਜਪਾ ਤੋਂ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੇ ਹਨ ਪਰ ਇਸ ਤੋਂ ਭਾਜਪਾ ਆਗੂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਅੱਜ ਤੱਕ ਜੋ ਵੀ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ। 


ਉਨ੍ਹਾਂ ਕਿਹਾ ਕਿ ਹੁਣ ਚੋਣਾਂ ਦੇ ਦਿਨ ਬਹੁਤ ਨੇੜੇ ਹਨ। ਇਸ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਆਪਣੀ ਵੋਟ ਪਾਉਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਹੁਣ ਸਾਡੇ ਕੋਲ ਸਿਰਫ਼ ਵੋਟ ਦੀ ਤਾਕਤ ਹੈ ਜਿਸ ਦੀ ਵਰਤੋਂ ਅਸੀਂ ਕਰ ਸਕਦੇ ਹਾਂ। 


ਦਰਅਸਲ ਕਿਸਾਨ ਜਥੇਬੰਦੀਆਂ ਤੇ ਬੀਜੇਪੀ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਹੁਣ ਬੀਜੇਪੀ ਲੀਡਰ ਤੇ ਕਿਸਾਨ ਲੀਡਰ ਇੱਕ-ਦੂਜੇ ਨੂੰ ਸ਼ਰੇਆਮ ਵੰਗਾਰਨ ਲੱਗੇ ਹਨ। ਕਿਸਾਨ ਜਥੇਬੰਦੀ ਦੇ ਆਗੂ ਵੱਲੋਂ ਗਲ ਵਿੱਚ ਹੱਥ ਪਾਉਣ ਦੀ ਵੀਡੀਓ ਜਾਰੀ ਕਰਨ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਸੀ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਹਨ। 


ਉਨ੍ਹਾਂ ਕਿਸਾਨ ਜਥੇਬੰਦੀ ਦੇ ਆਗੂ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਦਿੱਲੀ ਬਾਰਡਰਾਂ ਲਈ ਟਰੈਕਟਰਾਂ ’ਤੇ ਗਏ ਸਨ ਪਰ ਮਹਿੰਗੀਆਂ ਗੱਡੀਆਂ ਵਿੱਚ ਘਰ ਪਰਤੇ ਸਨ। ਉਨ੍ਹਾਂ ਨੇ ਲੁਧਿਆਣਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਕਰਕੇ ਪੀੜਤ ਪਰਿਵਾਰ ਨੂੰ ਸਮਝੌਤੇ ਦੀ 6.50 ਕਰੋੜ ਰਕਮ ਦੇਣ ਦੇ ਮੁੱਦੇ ’ਤੇ ਸੁਆਲ ਚੁੱਕਦਿਆਂ ਕਿਹਾ ਕਿ ਇਸ ਵਿੱਚੋਂ 4.50 ਕਰੋੜ ਦਾ ਚੈਕ ਪੀੜਤ ਪਰਿਵਾਰ ਨੂੰ ਮਿਲਿਆ ਬਾਕੀ ਰਕਮ ਬਾਰੇ ਕਿਸਾਨ ਜਥੇਬੰਦੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।


ਹੋਰ ਪੜ੍ਹੋ : ਬੀਜੇਪੀ ਇੱਕੋ ਹੀ ਗਲਤੀ ਵਿਗਾੜੇਗੀ ਪੂਰੀ ਖੇਡ? C-Voter ਦਾ ਹੈਰਾਨ ਕਰਨ ਵਾਲਾ ਦਾਅਵਾ