Punjab Congress: ਚੰਡੀਗੜ੍ਹ: ਕਾਂਗਰਸ ਦੇ ਕਲੇਸ਼ ਵਿਚਾਲੇ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪ੍ਰੋਗਰਾਮ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ ਸਮਾਗਮ ਵਿੱਚ ਪੇਸ਼ ਹੋਣ ਵਾਲੇ ਕਈ ਬਿੱਲਾਂ ਤੇ ਰਿਪੋਰਟਾਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ।


ਕੈਬਨਿਟ ਦੀ ਇਸ ਮੀਟਿੰਗ ਨੂੰ ਅਹਿਮ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਦੋ ਦਿਨ ਪਹਿਲਾਂ ਹੀ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੁੱਲ੍ਹੀ ਬਗਾਵਤ ਕਰਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਉਠਾਈ ਹੈ। ਵੇਖਣਾ ਹੋਏਗਾ ਕਿ ਬਾਗੀ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ ਜਾਂ ਨਹੀਂ।


ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਵਿੱਚ ਵਰਚੂਅਲ ਹਾਜ਼ਰ ਹੋਣਗੇ। ਮੀਟਿੰਗ ਵਿੱਚ 3 ਸਤੰਬਰ ਨੂੰ ਮੌਨਸੂਨ ਇਜਲਾਸ ਬੁਲਾਉਣ ਬਾਰੇ ਚਰਚਾ ਹੋਏਗੀ। ਇਹ ਵੀ ਚਰਚਾ ਹੈ ਕਿ ਕਾਂਗਰਸ ਦੇ ਕਲੇਸ਼ ਕਰਕੇ ਮੌਨਸੂਨ ਇਜਲਾਸ ਨੂੰ ਸੰਖੇਪ ਰੱਖਣ ਦੀ ਤਿਆਰੀ ਹੈ।


ਸੂਤਰਾਂ ਮੁਤਾਬਕ ਇਜਲਾਸ ਦੇ ਪਹਿਲੇ ਦਿਨ ਸ਼ੋਕ ਮਤੇ ਰੱਖੇ ਜਾਣਗੇ। ਦੂਜੇ ਦਿਨ ਵਿਧਾਨਿਕ ਕੰਮਕਾਜ ਤੇ ਕੁਝ ਹੋਰ ਸਰਕਾਰੀ ਰਿਪੋਰਟਾਂ ਆਦਿ ਪੇਸ਼ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਉਠਾਈ ਜਾ ਸਕਦੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਜਲਾਸ ਵਿੱਚ ਖੇਤੀ ਕਾਨੂੰਨ ਤੇ ਬਿਜਲੀ ਸਮਝੌਤੇ ਰੱਦ ਕਰਨ ਸਬੰਧੀ ਮਤੇ ਪੇਸ਼ ਕਰਨ ਦੇ ਕੀਤੇ ਐਲਾਨ ਤੋਂ ਚਿੰਤਤ ਕੈਪਟਨ ਸਰਕਾਰ ਵੱਲੋਂ ਇਸ ਇਜਲਾਸ ਨੂੰ ਛੇਤੀ ਸਮੇਟੇ ਜਾਣ ਦੀ ਕੋਸ਼ਿਸ਼ ਹੋ ਸਕਦੀ ਹੈ।


ਅੱਜ ਦੀ ਕੈਬਨਿਟ ਮੀਟਿੰਗ ਵਿੱਚ ਮੁਹਾਲੀ ਵਿੱਚ ਬਣ ਰਹੀ ਨਵੀਂ ਪੇਗਾਰਸ ਯੂਨੀਵਰਸਿਟੀ ਸਬੰਧੀ ਬਿੱਲ ਤੇ ਅਨੁਸੂਚਿਤ ਜਾਤਾਂ ਸਬੰਧੀ ਜੋ ਬਿੱਲ ਪਿਛਲੀ ਮੀਟਿੰਗ ਵਿੱਚ ਪਾਸ ਨਹੀਂ ਹੋ ਸਕਿਆ ਸੀ, ਨੂੰ ਇਸ ਦੁਬਾਰਾ ਪੇਸ਼ ਕੀਤਾ ਜਾ ਸਕਦਾ ਹੈ, ਜਦੋਂਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਮੁਲਾਜ਼ਮਾਂ ਸਬੰਧੀ ਬਣੀ ਕਮੇਟੀ ਦੀ ਰਿਪੋਰਟ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕੁਝ ਵਿਭਾਗਾਂ ਦੀਆਂ ਪ੍ਰਬੰਧਕੀ ਰਿਪੋਰਟਾਂ ਵੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਪੇਸ਼ ਕੀਤੀਆਂ ਜਾਣੀਆਂ ਹਨ।


ਇਹ ਵੀ ਪੜ੍ਹੋ: JEE Main Session 4 Exam 2021: JEE ਮੇਨ 2021 ਸੈਸ਼ਨ 4 ਦੀਆਂ ਪ੍ਰੀਖਿਆ ਅੱਜ ਤੋਂ ਸ਼ੁਰੂ, ਜਾਣੋ ਅਹਿਮ ਨੁਕਤੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904