ਚੰਡੀਗੜ੍ਹ: ਬਜਟ ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਮੀਟਿੰਗ ਹੋ ਰਹੀ ਹੈ। ਇਸ ਵਿੱਚ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਚਰਚਾ ਹੈ ਕਿ ਵਿਧਾਨ ਸਭਾ ਦਾ ਬਜਟ ਸੈਸ਼ਨ 19 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ।
ਅੱਜ ਦੀ ਮੀਟਿੰਗ ਵਿੱਚ ਕਰਜ਼ਾ ਮੁਆਫ਼ੀ, ਉੱਚ ਵਿਦਿਅਕ ਅਦਾਰਿਆਂ ਲਈ ਰੈਗੂਲੇਟਰੀ ਅਥਾਰਟੀ ਕਾਇਮ ਕਰਨ, ਨਵੀਂ ਟਰਾਂਸਪੋਰਟ ਨੀਤੀ, ਆਬਕਾਰੀ ਨੀਤੀ ਤੇ ਸਿਖਿਆ ਵਿਭਾਗ ਦੇ ਤਿੰਨ ਮਤਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਸਰਕਾਰ ਦਾ ਯਤਨ ਹੈ ਕਿ ਸੂਬੇ ਦੇ ਬਾਈ ਹਜ਼ਾਰ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਉਨ੍ਹਾਂ ਨੂੰ ਮੁੱਢਲੀ ਤਨਖਾਹ ਦਾ ਗਰੇਡ ਦਿੱਤਾ ਜਾਵੇ ਤੇ ਉਨ੍ਹਾਂ ਦੀਆਂ ਤਨਖਾਹਾਂ ਤਿੰਨ ਸਾਲ ਤਕ ਘਟਾ ਦਿੱਤੀਆਂ ਜਾਣ।
ਸਰਕਾਰ ਚਾਹੁੰਦੀ ਹੈ ਕਿ ਸਿੱਖਿਆ ਵਿਭਾਗ ਦੇ 22 ਹਜ਼ਾਰ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਮੁੱਢਲੀ ਤਨਖਾਹ 6 ਹਜ਼ਾਰ ਤੋਂ 10300 ਰੁਪਏ ਪ੍ਰਤੀ ਮਹੀਨਾ ਤੇ 3 ਸਾਲ ਦੇ ਪ੍ਰੋਬੇਸ਼ਨ ਸਮੇਂ ਲਈ ਰੱਖ ਲਿਆ ਜਾਵੇ। ਅਧਿਆਪਕ ਤੇ ਹੋਰ ਕਰਮਚਾਰੀ ਹੁਣ 30 ਹਜ਼ਾਰ ਤੋਂ 50 ਹਜ਼ਾਰ ਤਕ ਤਨਖਾਹਾਂ ਲੈ ਰਹੇ ਹਨ।

ਇਸ ਦੇ ਨਾਲ ਹੀ ਹਰਿਆਣਾ ਵਾਂਗ ਪੰਜਾਬ ਦੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਨੀਤੀ ਬਾਰੇ ਵੀ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਨਾਲ ਬਜਟ ਤਜਵੀਜ਼ਾਂ ਬਾਰੇ ਸਲਾਹ-ਮਸ਼ਵਰਾ ਕਰਨਗੇ।