ਲੁਧਿਆਣਾ: ਸ਼ਹਿਰ ਦੇ ਜੀਵਨ ਨਗਰ ਇਲਾਕੇ ਵਿੱਚ ਰਹਿਣ ਵਾਲੇ ਨਾਗਮਨੀ (16) ਨੇ ਮੰਗਲਵਾਰ ਸਵੇਰੇ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਇਸ ਦਾ ਪਤਾ ਉਸ ਦੇ ਘਰ ਦੇ ਨੇੜੇ ਹੀ ਰਹਿਣ ਵਾਲੀ ਲੜਕੀ, ਜੋ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਨੂੰ ਲੱਗਿਆ ਤਾਂ ਉਸ ਨੇ ਵੀ ਛੱਤ ਤੋਂ ਛਾਲ ਮਾਰ ਦਿੱਤੀ। ਉਹ ਬੁਰੀ ਤਰ੍ਹਾਂ ਫੱਟੜ ਹੋ ਗਈ। ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਨਾਗਮਨੀ ਦੇ ਭਰਾ ਭੀਮ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਬਿਹਾਰ ਦੇ ਜ਼ਿਲ੍ਹਾ ਦੇਬੂ ਸਰਾਏ ਦੇ ਰਹਿਣ ਵਾਲੇ ਹਨ। ਉਹ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ ਤੇ ਉਸ ਦਾ ਭਰਾ ਨਾਗਮਨੀ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਪਿੰਡ ਤੋਂ ਆਇਆ ਸੀ। ਭੀਮ ਨੇ ਦੱਸਿਆ ਕਿ ਉਸ ਦੇ ਸਹੁਰੇ ਨਾਗਮਨੀ ’ਤੇ ਕਥਿਤ ਦਬਾਅ ਬਣਾ ਰਹੇ ਸੀ ਕਿ ਉਨ੍ਹਾਂ ਦੀ ਲੜਕੀ ਉਸ ਨੂੰ ਪਸੰਦ ਕਰਦੀ ਹੈ, ਇਸ ਲਈ ਉਹ ਉਸ ਨਾਲ ਵਿਆਹ ਕਰ ਲਵੇ, ਪਰ ਨਾਗਮਨੀ ਵਿਆਹ ਲਈ ਤਿਆਰ ਨਹੀਂ ਸੀ।
ਭੀਮ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੇ ਭਰਾ ਨੂੰ ਥਾਣਾ ਮੋਤੀ ਨਗਰ ਬੁਲਾਇਆ ਗਿਆ ਤੇ ਉੱਥੇ ਇੱਕ ਮੁਲਾਜ਼ਮ ਤੋਂ ਕਥਿਤ ਤੌਰ ’ਤੇ ਧਮਕੀਆਂ ਦਿਵਾਈਆਂ ਗਈਆਂ ਕਿ ਜੇ ਉਹ ਵਿਆਹ ਨਹੀਂ ਕਰੇਗਾ ਤਾਂ ਉਸ ਨੂੰ ਕਥਿਤ ਤੌਰ ’ਤੇ ਝੂਠੇ ਕੇਸ ‘ਚ ਫਸਾ ਕੇ 10 ਸਾਲ ਲਈ ਜੇਲ੍ਹ ਭੇਜ ਦਿੱਤਾ ਜਾਵੇਗਾ। ਇਸ ਕਾਰਨ ਨਾਗਮਨੀ ਪ੍ਰੇਸ਼ਾਨ ਸੀ। ਮੰਗਲਵਾਰ ਸਵੇਰੇ ਉਸ ਨੇ ਆਪਣੇ ਘਰ ‘ਚ ਫਾਹਾ ਲੈ ਲਿਆ। ਜਦੋਂ ਇਹ ਗੱਲ ਨਾਬਾਲਗ ਲੜਕੀ ਨੂੰ ਪਤਾ ਲੱਗੀ ਤਾਂ ਉਸ ਨੇ ਘਰ ਦੀ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ।
ਥਾਣਾ ਮੋਤੀ ਨਗਰ ਵਿੱਚ ਤਾਇਨਾਤ ਜਾਂਚ ਅਧਿਕਾਰੀ ਏਐਸਆਈ ਧਨਵੰਤ ਸਿੰਘ ਨੇ ਨਾਗਮਨੀ ਦੇ ਭਰਾ ਭੀਮ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਨਾਬਾਲਗ ਸੀ ਤੇ ਦੋਵਾਂ ਦਾ ਵਿਆਹ ਨਹੀਂ ਹੋ ਸਕਦਾ ਸੀ। ਪੁਲਿਸ ਕਿਸੇ ਨਾਬਾਲਿਗ ਦਾ ਵਿਆਹ ਉਨ੍ਹਾਂ ਦੀ ਮਰਜ਼ੀ ਤੋਂ ਬਗ਼ੈਰ ਕਿਉਂ ਕਰਵਾਏਗੀ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਦੇ ਕਾਰਨ ਦਾ ਪਤਾ ਨਹੀਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।