ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਅੱਜ ਸ਼ਾਮ ਪੰਜ ਵਜੇ ਮੀਟਿੰਗ ਹੋਵੇਗੀ। ਇਸ ਵਿੱਚ ਕੱਚੇ 27 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ’ਤੇ ਮੋਹਰ ਲਾਉਣ ਸਮੇਤ ਕੁਝ ਹੋਰ ਮਾਮਲਿਆਂ ਬਾਰੇ ਵੀ ਫੈਸਲੇ ਲਏ ਜਾਣ ਦੀ ਉਮੀਦ ਹੈ।
ਚਰਚਾ ਹੈ ਕਿ ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਸ਼ਾਂਤ ਕਰਨ ਲਈ ਅੱਜ ਵੱਡਾ ਐਲਾਨ ਕਰ ਸਕਦੀ ਹੈ। ਸੂਤਰਾਂ ਮੁਤਾਬਕ ਸਰਕਾਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ-ਪਹਿਲਾਂ ਅਧਿਆਪਕਾਂ, ਠੇਕਾ ਮੁਲਾਜ਼ਮਾਂ ਤੇ ਰੈਗੂਲਰ ਮੁਲਾਜ਼ਮਾਂ ਦੇ ਮਸਲਿਆਂ ਨੂੰ ਕਿਸੇ ਪਾਸੇ ਲਾਉਣਾ ਚਾਹੁੰਦੀ ਹੈ।
ਇਸ ਲਈ ਕੈਬਨਿਟ ਦੀ ਮੀਟਿੰਗ ਵਿੱਚ ਇਸ ਮਸਲੇ ਨੂੰ ਵਿਚਾਰਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਧਿਆਪਕ ਸੰਘਰਸ਼ ਕਮੇਟੀ ਨਾਲ ਵੀ ਮੀਟਿੰਗ ਰੱਖੀ ਹੈ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗਾਂ ਵਿੱਚ ਅਹਿਮ ਫੈਸਲੇ ਹੋਣ ਦੇ ਆਸਾਰ ਹਨ।
ਇਸ ਤੋਂ ਇਲਾਵਾ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਤੋਂ ਬਾਅਦ ਬੰਦ ਕੀਤੇ ਗਏ ਇੱਟ-ਭੱਠਿਆਂ ਨੂੰ ਮੁੜ ਚਲਾਉਣ ਲਈ ਕੋਈ ਢੰਗ ਤਰੀਕਾ ਅਪਣਾਉਣ ਬਾਰੇ ਚਰਚਾ ਹੋਣ ਦੀ ਵੀ ਸੰਭਾਵਨਾ ਹੈ। ਸਰਕਾਰ ਭੱਠਿਆਂ ਨੂੰ ਚਲਾਉਣ ਲਈ ਆਰਡੀਨੈਂਸ ਵੀ ਲਿਆ ਸਕਦੀ ਹੈ ਪਰ ਮੀਟਿੰਗ ਦਾ ਮੁੱਖ ਏਜੰਡਾ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਹੋਵੇਗਾ।