ਚੰਡੀਗੜ੍ਹ: ਕਾਂਗਰਸ ਦੀ ਆਪਸੀ ਧੜੇਬੰਦੀ ਮੁੜ ਤੋਂ ਉਜਾਗਰ ਹੋ ਗਈ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਸੀਟ ਲਈ ਉਮੀਦਵਾਰ ਸੁਨੀਲ ਜਾਖੜ ਦੇ ਹੱਕ 'ਚ ਕੀਤੀ ਜਾ ਰਹੀ ਰੈਲੀ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪਤਨੀ ਸਮੇਤ ਗ਼ੈਰ ਹਾਜ਼ਰ ਰਹੇ। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਜਦੋਂ ਤੋਂ ਜਾਖੜ ਦੇ ਨਾਂ 'ਤੇ ਮੋਹਰ ਲਾ ਦਿੱਤੀ ਹੈ, ਉਦੋਂ ਤੋਂ ਹੀ ਬਾਜਵਾ ਤੇ ਕਾਦੀਆਂ ਤੋਂ ਸਾਬਕਾ ਵਿਧਾਇਕ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਨੇ ਦਿੱਲੀ ਡੇਰੇ ਲਾਏ ਹੋਏ ਹਨ। ਸੂਤਰ ਦੱਸਦੇ ਹਨ ਕਿ ਬਾਜਵਾ ਰਾਹੁਲ ਗਾਂਧੀ ਦੇ ਅਮਰੀਕਾ ਦੇ ਦੌਰੇ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਮੁਲਾਕਾਤ ਕਰ ਸਕਦੇ ਹਨ। ਪ੍ਰਤਾਪ ਬਾਜਵਾ, ਜੋ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਰਹਿ ਚੁੱਕੇ ਹਨ, ਨੇ ਇਸ ਜ਼ਿਮਨੀ ਚੋਣ ਲਈ ਆਪਣੀ ਪਤਨੀ ਨੂੰ ਟਿਕਟ ਦਿਵਾਉਣ 'ਤੇ ਜ਼ੋਰ ਦੇ ਰਹੇ ਸਨ। ਸੋਨੀਆ ਗਾਂਧੀ ਨੇ ਕੈਪਟਨ ਦੇ ਪੱਖ ਵਿੱਚ ਭੁਗਤਦਿਆਂ ਜਾਖੜ ਨੂੰ ਟਿਕਟ ਦੇ ਦਿੱਤੀ। ਦੱਸਣਾ ਬਣਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਨਜ਼ਦੀਕ ਹੈ। ਜਦੋਂ ਸੁਨੀਲ ਜਾਖੜ ਨੇ ਰਾਜ ਸਭਾ ਦੀ ਮੈਂਬਰੀ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਤਾਂ ਬਾਜਵਾ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ। ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਇੱਕ ਪਰਿਵਾਰ ਵਿੱਚ ਇੱਕ ਤੋਂ ਜ਼ਿਆਦਾ ਅਹੁਦੇ ਨਹੀਂ ਦੇਣਾ ਚਾਹੁੰਦੀ ਇਸ ਲਈ ਬਾਜਵਾ ਦੀ ਪਤਨੀ ਨੂੰ ਟਿਕਟ ਨਹੀਂ ਦਿੱਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਬਾਜਵਾ ਦੀ ਪਤਨੀ ਨੇ ਕਾਦੀਆਂ ਤੋਂ ਸੀਟ ਆਪਣੇ ਦਿਓਰ ਲਈ ਸੀਟ ਛੱਡ ਦਿੱਤੀ ਸੀ। ਪਾਰਟੀ ਨੇ ਇਸ ਨੂੰ ਪਰਿਵਾਰਕ ਮਸਲਾ ਦੱਸਿਆ। ਹਾਲਾਂਕਿ, ਬਾਜਵਾ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਤੇ ਗੁਰਕੀਰਤ ਸਿੰਘ, ਸੰਸਦ ਮੈਂਬਰ ਸੰਤੋਖ ਚੌਧਰੀ ਤੇ ਉਸ ਦੇ ਪੁੱਤਰ ਵਿਕਰਮਜੀਤ ਦੇ ਉਦਾਹਰਨ ਦਿੰਦਿਆਂ ਆਪਣੀ ਪਤਨੀ ਲਈ ਟਿਕਟ ਦੀ ਮੰਗ ਕੀਤੀ ਸੀ ਪਰ ਅਜਿਹਾ ਨਾ ਹੋਇਆ।