ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨ ਬ ਦਿਨ ਵਧਦੇ ਜਾ ਰਹੇ ਹਨ। ਇਸ ਦੇ ਚੱਲਦਿਆਂ ਸੂਬਾ ਸਰਕਾਰ ਨੇ ਸਖਤੀ ਵੀ ਹੋਰ ਵਧਾ ਦਿੱਤੀ ਹੈ। ਅੱਜ ਪੰਜਾਬ ਭਰ ਚ ਸ਼ਾਮ ਪੰਜ ਵਜੇ ਤੋਂ ਦੁਕਾਨਾਂ ਬੰਦ ਹੋਈਆਂ ਤੇ ਛੇ ਵਜੇ ਤੋਂ ਨਾਈਟ ਕਰਫਿਊ ਸ਼ੁਰੂ ਹੋ ਗਿਆ। ਪਰ ਸਖਤੀ ਦੇ ਬਾਵਜੂਦ ਮਹਾਮਾਰੀ ਤੇ ਕਾਬੂ ਨਹੀਂ ਪੈ ਰਿਹਾ। ਮੰਗਲਵਾਰ ਪੰਜਾਬ 'ਚ ਕੋਰੋਨਾ ਵਾਇਰਸ ਨਾਲ 100 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸ ਦੇ ਨਾਲ ਹੀ ਅੱਜ 5932 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।


ਸੂਬੇ 'ਚ ਮੌਜੂਦਾ ਸਮੇਂ ਕੁੱਲ 51936 ਕੋਰੋਨਾ ਐਕਟਿਵ ਕੇਸ ਹਨ। ਸੂਬੇ 'ਚ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 8,630 ਹੋ ਗਿਆ ਹੈ। ਪੌਜ਼ੇਟਿਵ ਮਰੀਜ਼ਾਂ 'ਚੋਂ 677 ਆਕਸੀਜਨ ਸਪਰੋਟ 'ਤੇ ਹਨ। ਇਸ ਤੋਂ ਇਲਾਵਾ 83 ਅਜਿਹੇ ਹਨ ਜਿੰਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਜੋ ਵੈਂਟੀਲੇਟਰ ਸਪੋਰਟ 'ਤੇ ਹਨ।


ਪੰਜਾਬ 'ਚ ਨਾਈਟ ਕਰਫਿਊ ਲਾਗੂ ਹੋਣ ਦੇ ਬਾਵਜੂਦ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਮਹਾਮਾਰੀ ਦੌਰਾਨ ਆਕਸੀਜਨ ਦਾ ਸੰਕਟ ਵੀ ਗਰਮਾਇਆ ਹੋਇਆ ਹੈ। ਪੰਜਾਬ ਸਰਕਾਰ ਨੇ ਅੱਜ ਸੂਬੇ ਵਿੱਚ ਰਾਤ ਵੇਲੇ ਕਰਫਿਊ ਦੇ ਸਮੇਂ ਵਿੱਚ ਦੋ ਘੰਟੇ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਤਾਲਾਬੰਦੀ ਕੀਤੀ ਜਾਵੇਗੀ।


ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 1 ਮਈ (ਸ਼ਨੀਵਾਰ) ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਵਰਚੁਅਲ ਤੌਰ ’ਤੇ ਸੰਗਤਾਂ ਨਾਲ ਅਰਦਾਸ ’ਚ ਸ਼ਾਮਲ ਹੋਣਗੇ।


ਇਸ ਇਤਿਹਾਸਕ ਮੌਕੇ ਪੂਰਾ ਦਿਨ ਚੱਲਣ ਵਾਲੇ ਪ੍ਰੋਗਰਾਮਾਂ ਦੇ ਵੇਰਵੇ ਬਿਆਨ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਗੁਰਪੁਰਬ ਸਮਾਗਮ ਸਵੇਰੇ 11 ਵਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਿਖੇ ਰਿਹਾਇਸ਼ ਤੋਂ ਅਰੰਭ ਹੋਣਗੇ, ਜਿਸ ਦੌਰਾਨ ਭਾਈ ਗੁਰਮੀਤ ਸਿੰਘ ਸ਼ਾਂਤ ਗੁਰਮਤਿ ਸੰਗੀਤ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਪਿੱਛੋਂ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ 11.45 ਵਜੇ ਸ੍ਰੀ ਅਨੰਦ ਸਾਹਿਬ ਦੇ ਪਾਠ ਹੋਣਗੇ ਤੇ ਉਸ ਪਿੱਛੋਂ ਅਰਦਾਸ ਉਪਰੰਤ ਹੁਕਮਨਾਮਾ ਲਿਆ ਜਾਵੇਗਾ।


ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਕਿਹਾ ਕਿ ਸੈਰ ਸਪਾਟਾ ਮੰਤਰੀ ਵੱਲੋਂ ਇਸ ਮੌਕੇ ਦੁਪਹਿਰ 12.05 ਵਜੇ ਆਪਣੀ ਰਿਹਾਇਸ਼ ਤੋਂ ਸੰਬੋਧਨ ਕੀਤਾ ਜਾਵੇਗਾ ਅਤੇ ਉਸ ਪਿੱਛੋਂ 12.10 ਵਜੇ ਮੁੱਖ ਮੰਤਰੀ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਪਿੱਛੋਂ ਵੱਖੋ-ਵੱਖ ਟੀ.ਵੀ ਚੈਨਲਾਂ/ਡਿਜੀਟਲ ਪਲੈਟਫਾਰਮਾਂ ਉੱਤੇ ਵਿਸ਼ੇਸ਼ ਰੂਪ ਵਿਚ ਗੁਰਬਾਣੀ ਕੀਰਤਨ/ਗੁਰਮਤਿ ਸੰਗੀਤ ਦਾ ਸਿੱਧਾ ਪ੍ਰਸਾਰਨ ਹੋਵੇਗਾ।