ਚੰਡੀਗੜ੍ਹ: ਪੰਜਾਬ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਧ ਕੋਰੋਨਾ ਮੌਤਾਂ ਪਿੱਛਲੇ 24 ਘੰਟੇ ਦੌਰਾਨ ਦਰਜ ਹੋਈਆਂ ਹਨ।ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਪਿੱਛਲੇ 24 ਘੰਟੇ ਵਿੱਚ 191 ਮੌਤਾਂ ਹੋਈਆਂ ਹਨ।ਕੋਰੋਨਾ ਦਾ ਸਭ ਤੋਂ ਵੱਧ ਕਹਿਰ ਜ਼ਿਲ੍ਹਾ ਲੁਧਿਆਣਾ ਵਿੱਚ ਦੇਖਿਆ ਗਿਆ ਹੈ।ਇੱਥੇ 22 ਲੋਕਾਂ ਨੇ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦਮ ਤੋੜਿਆ ਹੈ।ਇਸ ਦੇ ਨਾਲ ਹੀ ਪੰਜਾਬ ਵਿੱਚ 8531 ਨਵੇਂ ਕੋਰੋਨਾ ਕੇਸ ਵੀ ਸਾਹਮਣੇ ਆਏ ਹਨ।ਸੂਬੇ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 74343 ਹੋ ਗਈ ਹੈ।



ਕੋਰੋਨਾ ਦਾ ਕਹਿਰ ਸੂਬੇ ਭਰ ਵਿੱਚ ਜਾਰੀ ਹੈ।ਪਿੱਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ -20, ਬਰਨਾਲਾ -3, ਬਠਿੰਡਾ -17, ਫਰੀਦਕੋਟ -3, ਫਾਜ਼ਿਲਕਾ -9, ਫਿਰੋਜ਼ਪੁਰ -6, ਫਤਿਹਗੜ੍ਹ ਸਾਹਿਬ -2, ਗੁਰਦਾਸਪੁਰ -7, ਹੁਸ਼ਿਆਰਪੁਰ -6, ਜਲੰਧਰ -12, ਲੁਧਿਆਣਾ -22, ਕਪੂਰਥਲਾ -3, ਮਾਨਸਾ -3, ਮੋਗਾ -2, ਐਸ.ਏ.ਐੱਸ.ਨਗਰ (ਮੁਹਾਲੀ) -17, ਮੁਕਤਸਰ -9, ਪਠਾਨਕੋਟ -4, ਪਟਿਆਲਾ -18, ਰੋਪੜ -14, ਸੰਗਰੂਰ -12 ਅਤੇ ਤਰਨ ਤਾਰਨ -2 ਲੋਕਾਂ ਦੀ ਮੌਤ ਹੋਈ ਹੈ। 


ਪੰਜਾਬ ਵਿੱਚ ਹੁਣ ਤੱਕ 442125 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ।ਇਸ  ਦੇ ਨਾਲ ਹੀ ਐਕਟਿਵ ਮਰੀਜ਼ਾ ਦੀ ਗਿਣਤੀ 74343 ਹੋ ਗਈ ਹੈ।ਪੰਜਾਬ ਵਿੱਚ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 10506 ਹੋ ਗਈ ਹੈ।9384 ਇਸ ਵਕਤ ਆਕਸੀਜਨ ਸਪੋਰਟ ਤੇ ਹਨ ਜਦਕਿ 296 ਮਰੀਜ਼ ਵੈਂਟੀਲੇਟਰ ਤੇ ਗੰਭੀਰ ਹਨ।ਚੰਗੀ ਗੱਲ ਇਹ ਹੈ ਕਿ 357276 ਮਰੀਜ਼ ਕੋਰੋਨਾ ਨਾਲ ਜੰਗ ਜਿੱਤ ਕੇ ਸਹਿਤਯਾਬ ਵੀ ਹੋ ਚੁੱਕੇ ਹਨ। ਹੁਣ ਤੱਕ ਪੰਜਾਬ ਵਿੱਚ ਕੁੱਲ੍ਹ 7767351 ਸੈਂਪਲ ਲਏ ਗਏ ਹਨ।ਅੱਜ 59766 ਸੈਂਪਲ ਕੋਰੋਨਾ ਟੈਸਟ ਵਾਸਤੇ ਇਕੱਠੇ ਕੀਤੇ ਗਏ ਹਨ।


ਪੰਜਾਬ ਸਰਕਾਰ ਸੂਬੇ ਭਰ ਵਿੱਚ ਕੱਲ੍ਹ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਟੀਕੇ ਲਗਾਉਣ ਲਈ ਪੂਰੀ ਤਰਾਂ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਸਾਲ ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਸਿਰਫ 1 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ।ਇਸ ਲਈ ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਲਿਮ. ਨੂੰ 30 ਲੱਖ ਖੁਰਾਕਾਂ ਦਾ ਆਰਡਰ ਕਰ ਦਿੱਤਾ ਹੈ।