ਗੁਰਦਾਸਪੁਰ: ਅੱਜ ਮਦਰ-ਡੇਅ 'ਤੇ ਜਿਥੇ ਪੁੱਤਰ ਆਪਣੀਆਂ ਮਾਵਾਂ ਨਾਲ ਖੁਸ਼ੀਆਂ ਮਨਾ ਰਹੇ ਹਨ, ਅੱਜ ਓਥੇ ਹੀ ਇਕ ਮਾਂ ਨੇ ਆਪਣੇ ਸ਼ਹੀਦ ਪੁੱਤਰ ਦੀ ਮ੍ਰਿਤਕ ਦੇਹ 'ਤੇ ਸੇਹਰਾ ਸਜਾਇਆ। 25 ਅਪ੍ਰੈਲ ਨੂੰ ਸਿਆਚਿਨ ਵਿਚ ਗਲੇਸ਼ੀਅਰ ਹਾਦਸੇ ਵਿਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ ਸਿਪਾਹੀ ਪ੍ਰਗਟ ਸਿੰਘ ਗੰਭੀਰ ਜ਼ਖਮੀ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਇਲਾਜ ਚੰਡੀਗੜ੍ਹ ਦੇ ਆਰਮੀ ਹਸਪਤਾਲ ਵਿਚ ਚਲ ਰਿਹਾ ਸੀ, ਲੇਕਿਨ ਬੀਤੀ ਰਾਤ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ। ਪਰਿਵਾਰ ਦੇ ਹਾਲਾਤ ਇਹ ਹਨ ਕਿ ਉਨ੍ਹਾਂ ਨੂੰ ਕੋਈ ਸੁਧਬੁੱਧ ਨਹੀਂ ਹੈ। 


ਮ੍ਰਿਤਕ ਪ੍ਰਗਟ ਸਿੰਘ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ, ਕਿ ਮੇਰਾ ਪੁੱਤਰ ਅੱਜ ਦੇਸ਼ ਲਈ ਸ਼ਹੀਦ ਹੋ ਗਿਆ ਹੈ ਅਤੇ ਮੈਨੂੰ ਸ਼ਹੀਦ ਦੀ ਮਾਂ ਹੋਣ ਦਾ ਦਰਜਾ ਦੇ ਗਿਆ ਹੈ। ਮੈਂ ਬਹੁਤ ਚਾਵਾਂ ਨਾਲ ਉਸ ਵਾਸਤੇ ਸੇਹਰਾ ਲਿਆਂਦਾ ਸੀ ਜੋ ਅੱਜ ਮੈਨੂੰ ਉਸਦੀ ਸ਼ਹੀਦੀ ਮੌਕੇ ਉਸ ਉਪਰ ਸਜਾਉਣਾ ਪਿਆ। ਮੇਰਾ ਪੁੱਤਰ ਮੈਨੂੰ ਆਖਦਾ ਹੁੰਦਾ ਸੀ, ਕਿ ਮੈਂ ਵਿਆਹ ਬਹੁਤ ਸਾਦੇ ਢੰਗ ਨਾਲ ਕਰਨਾ ਹੈ, ਆਪਾ ਦਾਜ ਵਿਚ ਕੁੜੀ ਵਾਲਿਆਂ ਕੋਲੋਂ ਕੁਝ ਵੀ ਨਹੀਂ ਲੈਣਾ।




ਉਸਦੀ ਭੈਣ ਕਿਰਨਦੀਪ ਕੌਰ ਨੇ ਕਿਹਾ ਕਿ ਮੇਰੇ ਭਰਾ ਨਾਲ ਮੇਰੀ ਗੱਲ ਹੋਈ ਸੀ ਤੇ ਉਸਨੇ ਮੇਰੇ ਨਾਲ ਵਾਦਾ ਕੀਤਾ ਸੀ, ਕਿ ਹੁਣ ਜਦ ਵੀ ਉਹ ਛੁੱਟੀ ਆਏਗਾ, ਤਾਂ ਬੜੇ ਸਾਦੇ ਢੰਗ ਨਾਲ ਵਿਆਹ ਕਰਵਾਏਗਾ। ਸਾਡੇ ਸਾਰੇ ਚਾਹ ਸਾਡਾ ਵੀਰ ਅਧੂਰੇ ਛੱਡ ਦੇਸ਼ ਲਈ ਕੁਰਬਾਨ ਹੋ ਗਿਆ ਹੈ।


ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗਹਿਰੇ ਦੁਖ ਪ੍ਰਗਟਾਵਾ ਕਰਦਿਆਂ ਕਿਹਾ, ਕਿ ਮੇਰਾ ਇਲਾਕਾ ਬੌਰਡਰ ਦਾ ਇਲਾਕਾ ਹੈ ਸਾਨੂੰ ਨਿੱਤ ਹੀ ਸ਼ਹੀਦਾਂ ਨੂੰ ਸ਼ਧਾਜਲੀ ਦੇਣੀ ਪੈਂਦੀ ਹੈ, ਜੋ ਬੜੀ ਦੁਖਦਾਈ ਗੱਲ ਹੈ। ਪੰਜਾਬ ਸਰਕਾਰ ਦੇ ਵਲੋਂ ਪਰਿਵਾਰ ਨੂੰ 1 ਨੌਕਰੀ ਅਤੇ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿਤੀ ਗਈ ਹੈ। ਹੋਰ ਵੀ ਸ਼ਹੀਦ ਪਰਿਵਾਰ ਦੀ ਜੋ ਮੰਗ ਹੋਵੇਗੀ ਉਹ ਸਰਕਾਰ ਕੋਲੋਂ ਪੂਰੀ ਕਰਵਾਈ ਜਾਏਗੀ


ਇਕ ਮੌਕੇ ਗੁਰਦਾਸਪੁਰ ਦੇ ਡੀਸੀ ਮੁਹੰਮਦ ਅਸ਼ਫਾਕ ਅਤੇ ਸ਼ਹੀਦਾਂ ਦੀ ਸੋਸਾਇਟੀ ਦੇ ਮੁਖੀ ਕੁੰਵਰ ਵਿੱਕੀ ਨੇ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਪ੍ਰਗਟ ਸਿੰਘ ਨੇ ਦੇਸ਼ ਤੋਂ ਆਪਣੀ ਜਾਨ ਕੁਰਬਾਨ ਕੀਤੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦ ਪ੍ਰਗਟ ਸਿੰਘ ਦੇ ਨਾਂ 'ਤੇ ਪਿੰਡ ਦੇ ਸਕੂਲ ਦਾ ਨਾਂ ਅਤੇ ਸ਼ਹੀਦ ਦੇ ਨਾਂਅ ਦਾ ਗੇਟ ਬਣਾਇਆ ਜਾਵੇ, ਤਾਂ ਕਿ ਆਉਣ ਵਾਲੀ ਪੀੜੀ ਜਵਾਨ ਦੀ ਸ਼ਹੀਦੀ ਨੂੰ ਯਾਦ ਕਰ ਸਕੇ।