ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਸੱਭਿਆਚਾਰ ਕਮਿਸ਼ਨ ਗਠਨ ਕੀਤਾ ਗਿਆ ਹੈ। ਮੰਤਰੀ ਨੇ ਕਮਿਸ਼ਨ ਦਾ ਮੰਤਵ ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਤੇ ਲੱਚਰਤਾ ਨੂੰ ਖ਼ਤਮ ਕਰਨਾ ਦੱਸਿਆ।

ਸਿੱਧੂ ਨੇ ਦੱਸਿਆ ਕਿ ਪੰਜਾਬ ਸੱਭਿਆਚਾਰ ਕਮਿਸ਼ਨ ਦੇ ਚੇਅਰਮੈਨ ਮੁੱਖ ਮੰਤਰੀ ਹੋਣਗੇ ਜਦਕਿ ਉਹ ਉਪ-ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਮੰਤਰੀ ਨੇ ਸਪੱਸ਼ਟ ਕੀਤਾ ਕਿ ਜਿਹੜਾ ਲਚਰ ਤੇ ਅਸ਼ਲੀਲ ਗੀਤ ਗਾਵੇਗਾ ਉਸ 'ਤੇ ਕਮਿਸ਼ਨ FIR ਦਰਜ਼ ਕਰਾਵੇਗਾ।

ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਅਗਲੀ ਪੀੜ੍ਹੀ ਦੀ ਚਿੰਤਾ ਕਰ ਕੇ ਹੀ ਇਹ ਕਦਮ ਚੁੱਕ ਰਹੇ ਹਾਂ, ਮਾੜੇ ਕੰਮਾਂ ਵਾਲਿਆਂ ਨੂੰ ਸਜ਼ਾ ਦੇਣਾ ਸਾਡਾ ਫਰਜ਼ ਹੈ।

ਫ਼ਿਲਹਾਲ ਇਹ ਤੈਅ ਨਹੀਂ ਹੋਇਆ ਕਿ ਕਮਿਸ਼ਨ ਦੇ ਮੈਂਬਰ ਕਿੰਨੇ ਹੋਣਗੇ ਅਤੇ ਕੈਪਟਨ ਤੇ ਸਿੱਧੂ ਤੋਂ ਬਿਨਾ ਹੋਰ ਕੌਣ-ਕੌਣ ਇਸ ਦੇ ਮੈਂਬਰ ਹੋਣਗੇ। ਕਮਿਸ਼ਨ ਦੇ ਗਠਨ ਦਾ ਐਲਾਨ ਕਰਨ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਡਾ. ਸੁਰਜੀਤ ਪਾਤਰ, ਕਲਾਕਾਰ ਗੁਰਪ੍ਰੀਤ ਘੁੱਗੀ ਤੇ ਪੰਮੀ ਬਾਈ ਵੀ ਮੌਜੂਦ ਸਨ।