ਚੰਡੀਗੜ੍ਹ: ਕਾਂਗਰਸ ਵਿੱਚ ਮੁੱਖ ਮੰਤਰੀ ਚਿਹਰੇ ਲਈ ਲੱਗੀ ਦੌੜ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ। ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਦੇ ਹੱਕ ਵਿੱਚ ਸਟੈਂਡ ਲਿਆ ਹੈ। 'ਆਪ' ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਉੱਪਰ ਵੱਡੇ ਸਵਾਲ ਉੱਠਾਏ ਹਨ।



ਉਨ੍ਹਾਂ ਕਿਹਾ ਹੈ ਕਿ ਕਾਂਗਰਸ ਸ਼ੁਰੂ ਤੋਂ ਹੀ ਜਾਤਾਂ ਦੇ ਨਾਂ 'ਤੇ ਸਮਾਜ ਨੂੰ ਵੰਡਣਾ ਚਾਹੁੰਦੀ ਹੈ। ਸਭ ਤੋਂ ਵੱਡੀ ਮਿਸਾਲ ਸੁਨੀਲ ਜਾਖੜ ਦੀ ਹਾਲਤ ਹੈ ਜੋ ਕਾਂਗਰਸ ਨੇ ਕੀਤੀ ਹੈ। ਜਾਖੜ ਨੂੰ ਮੁੱਖ ਮੰਤਰੀ ਦੀ ਕੁਰਸੀ ਲਈ ਸਿਰਫ਼ ਇਸ ਲਈ ਨਹੀਂ ਵਿਚਾਰਿਆ ਗਿਆ ਕਿਉਂਕਿ ਉਹ ਹਿੰਦੂ ਸਨ।

ਰਾਘਵ ਚੱਢਾ ਨੇ ਕਿਹਾ ਕਿ ਜਾਖੜ ਨੇ ਖੁਦ ਮੰਨਿਆ ਹੈ ਕਿ ਕਾਂਗਰਸ ਨੇ ਉਨ੍ਹਾਂ ਨੂੰ ਇਸ ਲਈ ਮੁੱਖ ਮੰਤਰੀ ਨਹੀਂ ਬਣਾਇਆ ਕਿਉਂਕਿ ਉਹ ਹਿੰਦੂ ਹਨ ਜਦੋਂਕਿ 42 ਵਿਧਾਇਕਾਂ ਨੇ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦਾ ਸਮਰਥਨ ਕੀਤਾ ਸੀ। ਇਸ ਤੋਂ ਸਪਸ਼ਟ ਹੈ ਕਿ ਕਾਂਗਰਸ ਜਾਤ-ਪਾਤ ਤੇ ਭਾਈਚਾਰੇ ਦੇ ਨਾਂ 'ਤੇ ਵੰਡੀਆਂ ਪਾ ਰਹੀ ਹੈ। ਕਾਂਗਰਸ ਪੰਜਾਬ ਵਿੱਚ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੀ ਹੈ।

ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ਵਿੱਚ ਜੋ ਬੈਨਰ ਲਾਏ ਜਾ ਰਹੇ ਹਨ, ਉਨ੍ਹਾਂ ਵਿੱਚ ਚੰਨੀ, ਸਿੱਧੂ ਤੇ ਜਾਖੜ ਸ਼ਾਮਲ ਹਨ, ਪਰ ਜਾਖੜ ਪੁੱਛ ਰਹੇ ਹਨ ਕਿ ਜਦੋਂ ਮੈਂ ਦੌੜ ਵਿੱਚ ਵੀ ਨਹੀਂ ਹਾਂ ਤਾਂ  ਪੋਸਟਰ ਵਿੱਚ ਫੋਟੋ ਕਿਉਂ ਲਗਾਈ? ਉਨ੍ਹਾਂ ਕਿਹਾ ਕਿ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਫੋਨ 'ਤੇ ਜੋ ਰਾਏ ਲੈ ਰਹੀ ਹੈ, ਉਸ 'ਚ ਜਾਖੜ ਦਾ ਨਾਂ ਵੀ ਨਹੀਂ ਹੈ। ਦੂਜੇ ਪਾਸੇ ਕਾਂਗਰਸ ਨੇ ਹੋਰਡਿੰਗਾਂ 'ਚ ਥਾਂ-ਥਾਂ ਜਾਖੜ ਦੀ ਫੋਟੋ ਲਾ ਦਿੱਤੀ ਹੈ ਪਰ ਜਾਖੜ ਮੁੱਖ ਮੰਤਰੀ ਦੀ ਦੌੜ 'ਚ ਕਿਉਂ ਨਹੀਂ।

'ਆਪ' ਪੁੱਛ ਰਹੀ ਹੈ ਕਿ ਜਾਖੜ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਇਸ 'ਤੇ ਸਿਰਫ਼ ਇਸ ਲਈ ਵਿਚਾਰ ਨਹੀਂ ਕਰ ਰਹੀ ਕਿਉਂਕਿ ਉਹ ਹਿੰਦੂ ਹੈ। ਉਨ੍ਹਾਂ ਕਿਹਾ ਕਿ 'ਆਪ' ਕਾਂਗਰਸ ਵੱਲੋਂ ਜਾਖੜ ਨਾਲ ਕੀਤੇ ਸਲੂਕ ਦੀ ਨਿੰਦਾ ਕਰਦੀ ਹੈ।


ਇਹ ਵੀ ਪੜ੍ਹੋ: ਮਨਜਿੰਦਰ ਸਿਰਸਾ ਨੇ ਪੀਐਮ ਮੋਦੀ ਦੇ ਗਾਏ ਸੋਹਲੇ, ਅਕਾਲੀ ਦਲ 'ਤੇ ਤਿੱਖੇ ਹਮਲੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://apps.apple.com/in/app/abp-live-news/id811114904