ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ ਕੱਲ੍ਹ ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਕੈਪਟਨ ਸਰਕਾਰ ਨੇ ਖ਼ਜ਼ਾਨੇ ਲਈ ਪੈਸੇ ਇਕੱਠੇ ਕਰਨ ਲਈ ਘਾਟੇ 'ਚ ਚੱਲ ਰਹੀਆਂ ਜਨਤਕ ਖੇਤਰ ਦੀਆਂ ਤਿੰਨ ਇਕਾਈਆਂ ਦੇ ਅਪਨਿਵੇਸ਼ ਭਾਵ ਕੀਤਾ ਹੋਇਆ ਨਿਵੇਸ਼ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਘਾਟੇ 'ਚ ਚੱਲ ਰਹੀਆਂ ਪੰਜਾਬ ਕਮਿਊਨੀਕੇਸ਼ਨ ਲਿਮਟਿਡ(ਪਨਕੌਮ), ਪੰਜਾਬ ਵਿੱਤ ਕਾਰਪੋਰੇਸ਼ਨ(ਪੀਐਫਸੀ) ਤੇ ਪੰਜਾਬ ਰਾਜ ਸਨਅਤੀ ਵਿਕਾਸ ਕਾਰਪੋਰੇਸ਼ਨ(ਪੀਐਸਆਈਡੀਸੀ) ਦਾ ਅਪਨਿਵੇਸ਼ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ 'ਚ ਇਕ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ।
ਦੱਸ ਦਈਏ ਕਿ ਇਹ ਫੈਸਲਾ ਪੰਜਾਬ ਪ੍ਰਸ਼ਾਸਕੀ ਸੁਧਾਰ ਤੇ ਐਥਿਕਸ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਲਿਆ ਗਿਆ ਹੈ। ਕੈਬਨਿਟ 'ਚ ਲਏ ਫੈਸਲੇ ਮੁਤਾਬਕ ਅਪਨਿਵੇਸ਼ ਜ਼ਰੀਏ ਪੂੰਜੀ ਖਰਚੇ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਮਾਜ ਸੁਧਾਰਕ ਸਕੀਮਾਂ ਲਈ ਫੰਡ ਪੈਦਾ ਕੀਤੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ 'ਚ 50 ਪੀਐਸਯੂਜ਼ ਚੋਂ 2017-18 ਦੌਰਾਨ ਸਿਰਫ਼ 4.90 ਕਰੋੜ ਰੁਪਏ ਲਾਭ ਵਜੋਂ ਮਿਲੇ ਹਨ ਜਦਕਿ ਇਨ੍ਹਾਂ ਚ ਸੂਬੇ ਦੀ 7614 ਕਰੋੜ ਰੁਪਏ ਦੀ ਰਕਮ ਖੜੀ ਹੈ। ਇਨ੍ਹਾਂ ਸਿਰ ਕੁੱਲ 25,393 ਕਰੋੜ ਰੁਪਏ ਕਰਜ਼ ਹੈ।