ਚੰਡੀਗੜ੍ਹ: ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਓਲੰਪਿਕ ਖੇਡਾਂ ਵਿੱਚ ਸੂਬੇ ਦੇ ਤਗ਼ਮਾ ਜੇਤੂ ਖਿਡਾਰੀਆਂ ਦੇ ਨਾਂਅ 'ਤੇ ਸੜਕਾਂ ਅਤੇ ਸਕੂਲਾਂ ਦੇ ਨਾਂਅ ਰੱਖੇ ਜਾਣਗੇ। ਸਰਕਾਰ ਤਰਫ਼ੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਹ ਐਲਾਨ ਕੀਤਾ ਹੈ।






 


ਮੰਤਰੀ ਨੇ ਦੱਸਿਆ ਕਿ ਤਗ਼ਮਾ ਜੇਤੂ ਖਿਡਾਰੀ ਪੰਜਾਬ ਦੇ ਜਿਸ ਇਲਾਕੇ ਤੋਂ ਆਉਂਦੇ ਹਨ, ਉੱਥੋਂ ਦੇ ਸਰਕਾਰੀ ਸਕੂਲ ਅਤੇ ਸਬੰਧਤ ਸੜਕਾਂ ਦੇ ਨਾਂਅ ਉਨ੍ਹਾਂ ਖਿਡਾਰੀਆਂ ਦੇ ਨਾਵਾਂ 'ਤੇ ਰੱਖੇ ਜਾਣਗੇ। ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਜੇਕਰ ਹਾਕੀ ਟੀਮ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਦੀ ਹੈ ਤਾਂ ਪੰਜਾਬ ਦੇ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ। ਪਰ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸਿੰਘ ਸੋਢੀ ਨੇ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਐਲਾਨ ਕੀਤਾ ਸੀ ਕਿ ਸਰਕਾਰ ਪੰਜਾਬ ਦੇ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਨਕਦ ਦੇਵੇਗੀ।






 


ਦੱਸ ਦੇਈਏ ਕਿ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਹਰਮਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਮਨਦੀਪ ਸਿੰਘ ਸਮੇਤ ਅੱਠ ਖਿਡਾਰੀ ਭਾਰਤੀ ਹਾਕੀ ਟੀਮ ਦਾ ਹਿੱਸਾ ਹਨ। ਇਨ੍ਹਾਂ ਵਿੱਚੋਂ ਛੇ ਤਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦੇ ਹੀ ਹਨ।