ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ ਮੂਡ ਵਿੱਚ ਦਿਖਾਈ ਦੇ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਰਵੈੱਲ ਖੁੱਲ੍ਹੇ ਰੱਖਣ ਵਾਲੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੋਰਵੈੱਲ ਬੰਦ ਨਾ ਕੀਤਾ ਗਿਆ ਤਾਂ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ 3 ਦਿਨ ਪਹਿਲਾਂ ਹੁਸ਼ਿਆਰਪੁਰ 'ਚ ਬੱਚੇ ਦੀ ਮੌਤ ਹੋ ਗਈ ਸੀ।
ਦਰਅਸਲ 'ਚ ਪਿੰਡ ਧੂਰੀਆਂ ਅੱਡਾ ਵਿਖੇ ਝੁੱਗੀਆਂ ਬਣਾ ਕੇ ਰਹਿ ਰਹੇ ਕੁਝ ਪਰਵਾਸੀ ਪਰਿਵਾਰ ਮਜ਼ਦੂਰੀ ਕਰਨ ਲਈ ਪਿੰਡ ਖਿਆਲਾ ਬੁਲੰਦਾ ਆਏ ਹੋਏ ਸਨ। ਇਨ੍ਹਾਂ ਦੇ ਨਾਲ ਹੀ ਇੱਕ ਬੱਚਾ ਰਿਤਿਕ ਪੁੱਤਰ ਰਜਿੰਦਰ ਸਿੰਘ ਵਾਸੀ ਸੇਖੋਪੁਰ ਖਾਸ ਜ਼ਿਲ੍ਹਾ ਮੁਰਾਦਾਬਾਦ ਯੂਪੀ ਹਾਲ ਵਾਸੀ ਅੱਡਾ ਧੂਰੀਆਂ ਤੋਂ ਆਇਆ ਹੋਇਆ ਸੀ ਤੇ ਕੰਮ ਕਰਦੇ ਆਪਣੇ ਪਰਿਵਾਰਕ ਮੈਬਰਾਂ ਨਾਲ ਦਰੱਖਤਾਂ ਹੇਠ ਬੈਠਾ ਹੋਇਆ ਸੀ।
ਇਸੇ ਦੌਰਾਨ ਇਸ ਬੱਚੇ ਦੇ ਪਿੱਛੇ ਕੁੱਤੇ ਪੈ ਗਏ ਤੇ ਇਹ ਬੱਚਾ ਨਾਲ ਲੱਗਦੇ ਖੇਤਾਂ 'ਚ ਆਪਣੇ ਬਚਾਅ ਲਈ ਜ਼ਮੀਨ ਤੋਂ ਕਰੀਬ 2-3 ਫੁੱਟ ਉੱਚੇ ਖ਼ਾਲੀ ਬੋਰਵੈੱਲ 'ਤੇ ਚੜ੍ਹ ਗਿਆ ਤੇ ਬੋਰੀ ਸਮੇਤ ਬੋਰਵੈੱਲ ’ਚ ਡਿੱਗ ਗਿਆ। ਬੱਚੇ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਸਾਂਝਾ ਅਭਿਆਨ ਚਲਾਇਆ ਸੀ।
ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ। ਜਿਸ ਬੋਰਵੈੱਲ ਵਿਚ ਮਾਸੂਮ ਡਿੱਗਿਆ ਸੀ, ਉਹ ਲਗਪਗ 100 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਬੱਚੇ ਨੂੰ 8 ਘੰਟਿਆਂ ਦੀ ਮੁਸ਼ੱਕਤਲ ਤੋਂ ਮਗਰੋਂ ਬਾਹਰ ਕੱਢਿਆ ਗਿਆ ਪਰ ਹਸਪਤਾਲ ਵਿਖੇ ਇਹ ਬੱਚਾ ਜ਼ਿੰਦਗੀ ਦੀ ਜੰਗ ਹਾਰ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੂਨ 2019 'ਚ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਦੋ ਸਾਲ ਦਾ ਫਤਿਹਵੀਰ ਸਿੰਘ 140 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ ਜਿਸ ਨੂੰ ਬਚਾਉਣ ਲਈ NDRF ਦੀ ਟੀਮ ਤੇ ਸਥਾਨਕ ਲੋਕਾਂ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਗਿਆ ਸੀ। ਉਸ ਸਮੇਂ ਹਰ ਵਿਅਕਤੀ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਸਨ ਤੇ ਦੁਨੀਆ ਭਰ ਦੇ ਲੋਕ ਫਤਿਹ ਲਈ ਅਰਦਾਸਾਂ ਕਰ ਰਹੇ ਸਨ ਪਰ ਫਤਿਹਵੀਰ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ ਸੀ।