ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੀ ਮਹੱਤਵਪੂਰਣ ਯੋਜਨਾ 'ਘਰ-ਘਰ ਰੁਜ਼ਗਾਰ' ਤਹਿਤ ਰਾਜ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਕੰਮ ਤੇਜ਼ ਕਰਨ ਤੇ ਵਿਕਲਪਿਕ ਪ੍ਰਬੰਧ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਨੌਜਵਾਨਾਂ ਨੂੰ ਵਿਸ਼ਵ ਭਰ ਦੇ ਨਿੱਜੀ ਖੇਤਰ ਵਿੱਚ ਸਲਾਹ-ਮਸ਼ਵਰੇ ਤੇ ਨੌਕਰੀਆਂ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਣ।


ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੇ ਰਾਜ ਵਿੱਚ ਨੌਕਰੀ ਲੱਭਣ ਵਾਲਿਆਂ ਨੂੰ ਆਨਲਾਈਨ ਕੌਂਸਲਿੰਗ ਤੇ ਆਨਲਾਈਨ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਕੋਵਿਡ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਕਾਰਨ ਪੰਜਾਬ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਕਲਪਿਕ ਪ੍ਰਬੰਧ ਕੀਤੇ ਜਾ ਰਹੇ ਹਨ।

ਵਿਭਾਗ ਵੱਲੋਂ 24 ਜੁਲਾਈ ਨੂੰ ਇੱਕ ਵੈਬੀਨਾਰ ਕੀਤਾ ਜਾ ਰਿਹਾ ਹੈ। ਇਸ ਵਿੱਚ ਇੰਜਨੀਅਰਿੰਗ, ਮੈਨੇਜਮੈਂਟ, ਮੈਡੀਸਨ, ਫਾਰਮੇਸੀ, ਹਿਉਮੈਨਿਟੀਜ਼, ਜਨਰਲ ਗ੍ਰੈਜੂਏਟ ਜਿਵੇਂ ਬੀਸੀਏ, ਬੀਬੀਏ, ਬੀ.ਕੌਮ ਆਦਿ ਨਾਲ ਸਬੰਧਤ 25000 ਨੌਜਵਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਵੈਬੀਨਾਰ ਦੁਪਹਿਰ 3 ਵਜੇ ਕਰਵਾਇਆ ਜਾਏਗਾ। ਚਾਹਵਾਨ ਵਿਭਾਗ ਦੇ ਵੈਬ ਪੋਰਟਲ http://pgrkam.com 'ਤੇ ਜਾ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ।