ਚੰਡੀਗੜ੍ਹ: "ਜੰਗ ਦਾ ਮਾਹੌਲ ਬਣਾ ਕੇ ਅਕਾਲੀ ਸਰਕਾਰ ਚੋਣਾਂ ਅੱਗੇ ਪਵਾਉਣਾ ਚਾਹੁੰਦੀ ਹੈ ਤਾਂ ਕਿ ਛੇ ਮਹੀਨੇ ਹੋਰ ਰਾਜ ਕੀਤਾ ਜਾ ਸਕੇ।" ਇਹ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਬਿਨਾਂ ਗੱਲ ਤੋਂ ਸਰਹੱਦ ਦੇ ਲੋਕਾਂ ਨੂੰ ਤੰਗ ਕੀਤਾ ਹੈ ਤੇ ਸਰਕਾਰ ਨੂੰ ਚੋਣਾਂ 'ਚ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਸਰਕਾਰ ਦੇ ਕਾਲੇ ਕਾਰਨਾਮਿਆਂ ਤੋਂ ਜਾਣੂ ਹਨ ਤੇ ਉਹ ਕਦੇ ਵੀ ਅਕਾਲੀ ਦਲ ਨੂੰ ਮੁੜ ਮੂੰਹ ਨਹੀਂ ਲਾਉਣਗੇ।
ਜਾਖੜ ਨੇ ਕਿਹਾ ਕਿ ਹਾਲ ਇਹ ਹੈ ਲੋਕਾਂ ਦੀ ਸਰਕਾਰ ਪ੍ਰਤੀ ਇੰਨੀ ਬੇਵਿਸ਼ਵਾਸ਼ੀ ਵਧ ਚੁੱਕੀ ਹੈ ਕਿ ਉਹ ਸਰਹੱਦੀ ਇਲਾਕੇ ਛੱਡਣ ਨੂੰ ਤਿਆਰ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਤੀ ਵਧਦੀ ਬੇਵਿਸ਼ਵਾਸ਼ੀ ਨੂੰ ਦੇਖਦਿਆਂ ਰਾਜਪਾਲ ਨੂੰ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਉਣਾ ਚਾਹੀਦਾ ਹੈ।
ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਜੇ ਸੱਚਮੁੱਚ ਪੰਜਾਬ 'ਚ ਗੰਭੀਰ ਮਾਹੌਲ ਸੀ ਤਾਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਾਈਵੇਟ ਛੁੱਟੀਆਂ ਮਨਾਉਣ ਕਿਉਂ ਗਏ ਹੋਏ ਸਨ। ਉਨ੍ਹਾਂ ਨੂੰ ਪੰਜਾਬ ਦਾ ਫਿਕਰ ਕਿਉਂ ਨਹੀਂ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਦਾ ਕਹਿਣਾ ਹੈ ਕਿ ਦਰਅਸਲ ਦਾਲ 'ਚ ਕਾਲਾ ਨਹੀਂ ਦਾਲ ਹੀ ਕਾਲੀ ਹੈ।
ਜਾਖੜ ਨੇ ਕਿਹਾ ਕਿ ਉਹ ਫੌਜ ਦੇ ਪੂਰੀ ਤਰ੍ਹਾਂ ਨਾਲ ਹਨ ਪਰ ਇਸ ਦੇ ਨਾਂ 'ਤੇ ਸਿਆਸਤ ਕਰਨ ਵਾਲੇ ਲੋਕਾਂ ਦੇ ਖ਼ਿਲਾਫ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੀ ਸਿਆਸਤ ਕਰਨ ਦੀ ਪੋਲ ਖੁੱਲ੍ਹ ਚੁੱਕੀ ਹੈ। ਇਸ ਲਈ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਸਬੰਧੀ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਜੀਕਲ ਸਟਰਾਈਕ ਮਨਮੋਹਨ ਸਿੰਘ ਸਰਕਾਰ ਵੀ ਹੋਏ ਹਨ ਪਰ ਮੋਦੀ ਸਰਕਾਰ ਵੀ ਇਸ ਸਿਆਸੀ ਲਾਹੇ ਲਈ ਵਰਤ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਬਿਲਕੁਲ ਵੀ ਜੰਗ ਨਹੀਂ ਚਾਹੁੰਦੇ ਹਨ ਤੇ ਮੈਂ ਵੀ ਨਿੱਜੀ ਤੌਰ 'ਤੇ ਜੰਗ ਦੇ ਖ਼ਿਲਾਫ ਹਾਂ ਕਿਉਂਕਿ ਇਸ ਨਾਲ ਮਨੁੱਖਤਾ ਦਾ ਵੱਡਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰ ਮੈਂ ਨਾਲ ਹੀ ਇਹ ਕਹਿਣਾ ਚਾਹੁੰਦਾ ਹਾਂ ਕਿ ਫੌਜ ਨੂੰ ਪਾਕਿਸਤਾਨ ਨੂੰ ਸਖ਼ਤ ਜਵਾਬ ਦੇਣਾ ਚਾਹੀਦੀ ਹੈ।