ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਸਮਾਜਿਕ ਫੈਲਾਅ ਨੂੰ ਠੱਲਣ ਲਈ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ। ਇਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਘਰ ਘਰ ਨਿਗਰਾਨੀ' ਮੋਬਾਇਲ ਐਪ ਲਾਂਚ ਕੀਤੀ ਹੈ। ਇਸ ਐਪ ਜ਼ਰੀਏ ਸੂਬੇ ਦੇ ਹਰ ਘਰ 'ਤੇ ਉਦੋਂ ਤੱਕ ਨਜ਼ਰ ਰੱਖੀ ਜਾਵੇਗੀ ਜਦੋਂ ਤੱਕ ਇਸ ਮਹਾਂਮਾਰੀ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ।


ਵੀਡਿਓ ਕਾਨਫਰੰਸ ਰਾਹੀਂ ਐਪ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਇਹ ਉਪਰਾਲਾ ਕੋਰੋਨਾ ਵਾਇਰਸ ਦੀ ਜਲਦੀ ਸ਼ਨਾਖਤ ਅਤੇ ਟੈਸਟਿੰਗ ਲਈ ਸਹਾਈ ਸਿੱਧ ਹੋਵੇਗਾ ਜਿਸ ਨਾਲ ਸਮੂਹਿਕ ਫੈਲਾਅ ਰੋਕਣ ਵਿੱਚ ਮੱਦਦ ਮਿਲੇਗੀ। ਇਸ ਮੁਹਿੰਮ ਵਿੱਚ ਆਸ਼ਾ ਵਰਕਰ ਤੇ ਕਮਿਊਨਿਟੀ ਵਲੰਟੀਅਰ ਸ਼ਾਮਲ ਹੋਣਗੇ।


ਇਸ ਮੁਹਿੰਮ ਤਹਿਤ 30 ਸਾਲ ਤੋਂ ਵੱਧ ਉਮਰ ਦੀ ਪੰਜਾਬ ਦੀ ਸਾਰੀ ਸ਼ਹਿਰੀ ਤੇ ਪੇਂਡੂ ਵਸੋਂ ਦਾ ਸਰਵੇਖਣ ਕੀਤਾ ਜਾਵੇਗਾ। ਇਸ ਵਿੱਚ 30 ਸਾਲ ਤੋਂ ਘੱਟ ਉਮਰ ਦੇ ਭਿਆਨਕ ਸਾਹ ਦੀ ਬਿਮਾਰੀ ਤੋਂ ਪੀੜਤ ਅਤੇ ਵਾਇਰਸ ਵਰਗੀਆਂ ਹੋਰ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਵਿਅਕਤੀਆਂ 'ਤੇ ਵੀ ਨਜ਼ਰ ਰੱਖੀ ਜਾਵੇਗੀ।


ਸਰਵੇਖਣ ਤਹਿਤ ਹਰੇਕ ਵਿਅਕਤੀ ਦੀ ਪਿਛਲੇ ਇਕ ਹਫਤੇ ਤੋਂ ਪੂਰੀ ਮੈਡੀਕਲ ਸਥਿਤੀ ਅਤੇ ਕੋਰੋਨਾ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਪੀੜਤ ਵਿਅਕਤੀ ਦਾ ਮੁਕੰਮਲ ਡਾਟਾ ਤਿਆਰ ਕੀਤਾ ਜਾਵੇਗਾ। ਇਸ ਸਰਵੇਖਣ ਤੋਂ ਮਿਲਿਆ ਡਾਟਾ ਕੋਵਿਡ ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਉਲੀਕਣ ਲਈ ਮਦਦਗਾਰ ਸਿੱਧ ਹੋਵੇਗਾ।


ਇਹ ਵੀ ਪੜ੍ਹੋ: ਕੋਰੋਨਾ ਵਾਇਰਸ: 24 ਘੰਟਿਆਂ 'ਚ ਇਕ ਲੱਖ, 40 ਹਜ਼ਾਰ ਤੋਂ ਵੱਧ ਨਵੇਂ ਪੈਜ਼ੇਟਿਵ ਕੇਸ ਆਏ ਸਾਹਮਣੇ


ਪਟਿਆਲਾ ਤੇ ਮਾਨਸਾ ਵਿਖੇ 20,828 ਲੋਕਾਂ 'ਤੇ ਸਰਵੇਖਣ ਕੀਤਾ ਗਿਆ ਤਾਂ ਇਨ੍ਹਾਂ 'ਚੋਂ 9,045 ਵਿਅਕਤੀਆਂ 'ਚ ਕੋਈ ਲੱਛਣ ਨਹੀਂ ਪਾਇਆ ਗਿਆ ਅਤੇ 1,583 ਲੋਕਾਂ 'ਚ ਖੰਘ, ਜ਼ੁਕਾਮ ਤੇ ਹੋਰ ਲੱਛਣ ਪਾਏ ਗਏ।


ਮੌਜੂਦਾ ਸਮੇਂ 518 ਪਿੰਡਾਂ ਅਤੇ 47 ਸ਼ਹਿਰੀ ਵਾਰਡਾਂ ਵਿੱਚ ਸਰਵੇਖਣ ਚੱਲ ਰਿਹਾ ਹੈ। 4.9 ਫੀਸਦੀ ਵਿਅਕਤੀ ਬਲੱਡ ਪ੍ਰੈਸ਼ਰ, 2.23 ਫੀਸਦੀ ਵਿਅਕਤੀ ਸ਼ੂਗਰ, 0.14 ਫੀਸਦੀ ਕਿਡਨੀ ਦੀਆਂ ਬਿਮਾਰੀਆਂ, 0.64 ਫੀਸਦੀ ਦਿਲ ਦੀਆਂ ਬਿਮਾਰੀਆਂ, 0.13 ਫੀਸਦੀ ਟੀ.ਬੀ. ਅਤੇ 0.13 ਫੀਸਦੀ ਲੋਕ ਕੈਂਸਰ ਤੋਂ ਪੀੜਤ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ