ਨਵੀਂ ਦਿੱਲੀ: ਕੇਂਦਰ ਨੇ ਪੰਜਾਬ ਸਰਕਾਰ ਉੱਤੇ ਪ੍ਰਾਈਵੇਟ ਹਸਪਤਾਲਾਂ ਨੂੰ ਉੱਚੀਆਂ ਕੀਮਤਾਂ ਉੱਤੇ ਕੋਵੈਕਸੀਨ ਵੇਚਣ ਦਾ ਦੋਸ਼ ਲਾਇਆ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਦੂਜਿਆਂ ਨੂੰ ਗਿਆਨ ਦੇਣ ਦੀ ਥਾਂ ਪਹਿਲਾਂ ਆਪਣੇ ਕਾਂਗਰਸੀ ਰਾਜ ਪੰਜਾਬ ਦੀ ਦੇਖਭਾਲ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਕੋਵੈਕਸੀਨ ਦੀਆਂ 1.40 ਲੱਖ ਤੋਂ ਵੱਧ ਡੋਜ਼ 400 ਰੁਪਏ ’ਚ ਉਪਲਬਧ ਕਰਵਾਈਆਂ ਹਨ। ਉਨ੍ਹਾਂ ਨੇ ਉਹ ਡੋਜ਼ 20 ਪ੍ਰਾਈਵੇਟ ਹਸਪਤਾਲਾਂ ਨੂੰ 1,000 ਰੁਪਏ ’ਚ ਵੇਚ ਦਿੱਤੀਆਂ।

 
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਪੰਜਾਬ ਕੋਰੋਨਾ ਤੋਂ ਪ੍ਰਭਾਵਿਤ ਹੈ। ਵੈਕਸੀਨ ਦੀ ਠੀਕ ਤਰੀਕੇ ਮੈਨੇਜਮੈਂਟ ਨਹੀਂ ਹੋ ਰਹੀ। ਪਿਛਲੇ ਛੇ ਮਹੀਨਿਆਂ ਤੋਂ ਉਨ੍ਹਾਂ ਦੀ ਆਪਸੀ ਲੜਾਈ ਚੱਲ ਰਹੀ ਹੈ। ਪੂਰੀ ਪੰਜਾਬ ਸਰਕਾਰ ਤੇ ਪਾਰਟੀ 3-4 ਦਿਨਾਂ ਤੋਂ ਦਿੱਲੀ ’ਚ ਹੈ। ਪੰਜਾਬ ਨੂੰ ਕੌਣ ਵੇਖੇਗਾ? ਆਪਣੀ ਅੰਦਰੂਨੀ ਸਿਆਸਤ ਲਈ ਪੰਜਾਬ ਦੇ ਲੋਕਾਂ ਨੂੰ ਅੱਖੋਂ ਪ੍ਰੋਖੇ ਕਰਨਾ ਕਾਂਗਰਸ ਦਾ ਵੱਡਾ ਗੁਨਾਹ ਹੈ।

 
ਉੱਧਰ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਰਕਾਰ ਉੱਤੇ ਉਚੇਰੀਆਂ ਕੀਮਤਾਂ ਉੱਤੇ ਵੈਕਸੀਨ ਵੇਚਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਰਾਜ ਵਿੱਚ ਕੋਵਿਡ ਦਾ ਟੀਕਾ ਉਪਲਬਧ ਹੈ ਪਰ ਪੰਜਾਬ ਸਰਕਾਰ ਉਸ ਨੂੰ ਨਿੱਜੀ ਹਸਪਤਾਲਾਂ ਨੂੰ ਵੇਚ ਰਹੀ ਹੈ। ਪੰਜਾਬ ਸਰਕਾਰ 400 ਰੁਪਏ ’ਚ ਟੀਕੇ ਲੈ ਰਹੀ ਹੈ ਪਰ ਨਿੱਜੀ ਹਸਪਤਾਲਾਂ ਨੂੰ 1,060 ਰੁਪਏ ’ਚ ਵੇਚ ਰਹੀ ਹੈ।

 

ਸੁਖਬੀਰ ਬਾਦਲ ਨੇ ਕਿਹਾ ਕਿ ਨਿਜੀ ਹਸਪਤਾਲ ਲੋਕਾਂ ਤੋਂ ਹਰੇਕ ਡੋਜ਼ ਲਈ 1,560 ਰੁਪਏ ਲੈ ਰਹੇ ਹਨ। ਇੱਕ ਖ਼ੁਰਾਕ ਲਈ ਪ੍ਰਤੀ ਪਰਿਵਾਰ ਦੇ 6,000 ਤੋਂ 9,000 ਰੁਪਏ ਖ਼ਰਚ ਹੋ ਰਹੇ ਹਨ। ਸਿਰਫ਼ ਮੋਹਾਲੀ ’ਚ ਹੀ ਇੱਕ ਦਿਨ ਵਿੱਚ 35,000 ਖ਼ੁਰਾਕਾਂ ਨਿਜੀ ਸੰਸਥਾਨਾਂ ਨੂੰ ਵੇਚੀਆਂ ਗਈਆਂ। ਉਨ੍ਹਾਂ ਕਿਹਾ ਕਿ ਟੀਕੇ ਤੋਂ ਮੁਨਾਫ਼ਾ ਕਮਾਉਣਾ ਗ਼ੈਰ ਨੈਤਿਕ ਹੈ।

 

ਸੁਖਬੀਰ ਬਾਦਲ ਨੇ ਕਿਹਾ ਰਾਹੁਲ ਗਾਂਧੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਉਹ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਟੀਕੇ ਦੀ ਇੱਕ ਖ਼ੁਰਾਕ ਉੱਤੇ 1,560 ਰੁਪਏ ਖ਼ਰਚ ਕਰਨ ਲਈ ਮਜਬੂਰ ਕਰ ਰਹੀ ਹੈ। ਇਸ ਮਾਮਲੇ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਈ ਟਿੱਪਣੀ ਕਰਨ ਜਾਂ ਜਵਾਬ ਦੇਣ ਲਈ ਉਪਲਬਧ ਨਹੀਂ ਹੋ ਸਕੇ।


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ