ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਦੀ ਸਖ਼ਤ ਖਿਲਾਫਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਕਮਿਸ਼ਨ ਨਾਲ ਰਲ ਕੇ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਦੇ ਆਰਡਰ ਨੂੰ ਰਿਵਿਊ ਕਰਨ ਲਈ ਉਹ ਚੋਣ ਕਮਿਸ਼ਨ ਨੂੰ ਚਿੱਠੀ ਲਿਖਣਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਾਖ ਬਚਾਉਣ ਲਈ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਦੇ ਹੁਕਮਾਂ ਨੂੰ 'ਪੱਖਪਾਤੀ ਆਰਡਰ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਈਜੀ ਦਾ ਤਬਾਦਲਾ ਅਕਾਲੀ ਲੀਡਰ ਦੀ ਸ਼ਿਕਾਇਤ 'ਤੇ ਕੀਤਾ ਗਿਆ ਹੈ। ਇਸ ਤਰ੍ਹਾਂ ਕਰਕੇ ਅਕਾਲੀ ਬਰਗਾੜੀ ਗੋਲੀਕਾਂਡ ਦੀ ਜਾਂਚ ਵਿੱਚ ਵਿਘਨ ਪਾਉਣਾ ਚਾਹੁੰਦੇ ਹਨ।

ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਬੇਸ਼ੱਕ ਭਾਰਤੀ ਚੋਣ ਕਮਿਸ਼ਨ ਨੇ ਕੀਤਾ ਹੈ ਪਰ ਕਾਂਗਰਸ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰੁਣਾ ਰਾਜੂ ਨੂੰ ਘੇਰਿਆ ਹੈ। ਰੰਧਾਵਾ ਨੇ ਕਿਹਾ ਕਿ ਚੀਫ਼ ਇਲੈਕਟ੍ਰੋਲ ਅਫ਼ਸਰ ਕਰੁਣਾ ਰਾਜੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਰਹਿ ਚੁੱਕੇ ਹਨ। ਜੇ ਕੁੰਵਰ ਵਿਜੈ ਪ੍ਰਤਾਪ ਕਾਂਗਰਸ ਦੇ ਏਜੰਟ ਹਨ ਤਾਂ ਕਰੁਣਾ ਰਾਜੂ ਵੀ ਅਕਾਲੀ ਦਲ ਦੇ ਏਜੰਟ ਬਣ ਕੇ ਕੰਮ ਕਰ ਰਹੇ ਹਨ।