ਮੁਹਾਲੀ: ਪੰਜਾਬ ਦੇ ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਕਲ ਕਰਾਉਂਦੇ ਸੱਤ ਸਕੂਲਾਂ ਦੀ ਮਾਨਤਾ ਰੱਦ ਕਰਨ ਦਾ ਨੋਟਿਸ ਭੇਜਿਆ ਹੈ।
ਪੰਜਾਬ ਸਕੂਲ ਬੋਰਡ ਵੱਲੋਂ ਬੋਰਡ ਨਾਲ ਐਫੀਲੀਏਟਿਡ ਤਰਨ ਤਾਰਨ ਦੇ ਸਰਹੱਦੀ ਖੇਤਰ ਦੇ ਸੱਤ ਪ੍ਰਾਈਵੇਟ ਸਕੂਲਾਂ, ਯੂਨਾਟਿਡ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ , ਗੁਰੂਕੁਲ ਪਬਲਿਕ ਸਕੂਲ (ਨਜਦੀਕ ਬੀ.ਐਸ.ਐਫ ਹੈਡਕੁਆਟਰ) ਖੇਮਕਰਨ , ਹਰੀ ਸਿੰਘ ਨਲੂਆ ਪਬਲਿਕ ਸਕੂਲ ਪੂਨੀਆਂ, ਸੰਤ ਸਿਪਾਹੀ ਪਬਲਿਕ ਸਕੂਲ ਠੱਠਾ, ਸ਼ਹੀਦ ਭਗਤ ਸਿੰਘ ਸਕੂਲ ਵਲਟੋਹਾ , ਸ੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ, ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਸੱਤ ਸਕੂਲਾਂ ਦਾ ਰਿਕਾਰਡ ਸੀਲ ਕਰਕੇ ਐਸਡੀਐਮ ਪੱਟੀ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 28 ਫਰਵਰੀ ਨੂੰ ਬਾਰ੍ਹਵੀਂ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਸਿੱਖਿਆ ਸਕੱਤਰ ਵੱਲੋਂ ਇਨ੍ਹਾਂ ਸਕੂਲਾਂ/ਸੈਂਟਰਾਂ ਦਾ ਦੌਰਾ ਕਰਨ ਤੇ ਦੇਖਿਆ ਕਿ ਇਨ੍ਹਾਂ ਸਕੂਲਾਂ ਵਿੱਚ ਵੱਡੀ ਪੱਧਰ ਤੇ ਦੂਜੇ ਜ਼ਿਲ੍ਹਿਆਂ ਦੇ ਓਪਨ ਸਕੂਲ ਸਕੀਮ ਅਧੀਨ ਵਿਦਿਆਰਥੀਆਂ ਦੇ ਨਕਲੀ ਦਾਖਲੇ ਕਰਕੇ, ਇੱਥੇ ਪਰੀਖਿਆ ਦਿਵਾ ਕੇ ਉਨ੍ਹਾਂ ਨੂੰ ਸ਼ਰਤੀਆ ਪਾਸ ਕਰਵਾਉਣ ਲਈ ਪੈਸੇ ਲੈਣ ਦਾ ਗੋਰਖ ਧੰਦਾ ਚਲਾਇਆ ਜਾ ਰਿਹਾ ਹੈ।
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਨੇ ਇਨ੍ਹਾਂ ਸਕੂਲਾਂ ਵਿਰੁੱਧ ਸਖਤ ਐਕਸ਼ਨ ਲੈਣ ਦੀ ਕਾਰਵਾਈ ਆਰੰਭ ਦਿੱਤੀ ਹੈ ਤੇ ਇਨ੍ਹਾਂ ਸਕੂਲਾਂ ਨੂੰ ਐਫੀਲੀਏਸ਼ਨ ਰੱਦ ਕਰਨ ਦੋਂ ਪਹਿਲਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਬੋਰਡ ਦੀ ਸਕੱਤਰ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਨੇ ਐਫੀਲੀਏਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਦੀ ਬੋਰਡ ਦੇ ਵਿਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਬੋਰਡ ਵੱਲੋਂ ਇੱਕ ਮਹੀਨਾ ਪਹਿਲਾਂ ਹੀ ਅਫੀਲੀਏਸ਼ਨ ਰੱਦ ਕੀਤੀ ਜਾ ਚੁੱਕੀ ਹੈ।।