ਚੰਡੀਗੜ੍ਹ: ਪੰਜਾਬ ਸਰਕਾਰ ਖਿਡਾਰੀਆਂ 'ਤੇ ਮਿਹਰਬਾਨ ਨਜ਼ਰ ਆ ਰਹੀ ਹੈ। ਨਵੀਂ ਖੇਡ ਨੀਤੀ ਤਹਿਤ ਪਹਿਲਾਂ ਤਗ਼ਮਾ ਜੇਤੂ ਖਿਡਾਰੀਆਂ ਲਈ ਇਨਾਮੀ ਰਾਸ਼ੀ ਵਿੱਚ ਵੱਡਾ ਵਾਧਾ ਕੀਤਾ ਤੇ ਹੁਣ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਸਰਕਾਰ ਹੋਰ ਸੂਬਿਆਂ ਵੱਲੋਂ ਖੇਡ ਰਹੇ ਖਿਡਾਰੀਆਂ ਨੂੰ ਆਪਣੇ ਜੱਦੀ ਸੂਬੇ ਵਿੱਚ ਵਾਪਸ ਬੁਲਾਉਣ ਲਈ ਕੋਸ਼ਿਸ਼ ਕਰਨ ਜਾ ਰਹੀ ਹੈ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਅੱਜ ਐਲਾਨ ਕੀਤਾ ਕਿ ਹਾਲ ਹੀ 'ਚ ਹੋਈਆਂ ਏਸ਼ੀਅਨ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ। ਖੇਡ ਮੰਤਰੀ ਨੇ ਦਾਅਵਾ ਹੈ ਕੀਤਾ ਕਿ ਜਕਾਰਤਾ 'ਚ ਹੋਈਆਂ ਏਸ਼ਿਅਨ ਖੇਡਾਂ 'ਚ ਤੀਹਰੀ ਛਾਲ 'ਚ ਸੋਨ ਤਗ਼ਮਾ ਜਿੱਤਣ ਵਾਲਾ ਅਰਪਿੰਦਰ ਸਿੰਘ ਹਰਿਆਣਾ ਛੱਡ ਕੇ ਪੰਜਾਬ ਪਰਤ ਰਿਹਾ ਹੈ।

ਸੋਢੀ ਨੇ ਕਿਹਾ ਕਿ ਅਰਪਿੰਦਰ ਸਿੰਘ ਦੇ ਨਜ਼ਦੀਕੀਆਂ ਨੇ ਉਨ੍ਹਾਂ ਨਾਲ ਸੰਪਰਕ ਕਰ ਵਾਪਸੀ ਦੀ ਇੱਛਾ ਜਤਾਈ ਤੇ ਅਸੀਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਣਾ ਸੋਢੀ ਨੇ ਇਹ ਵੀ ਕਿਹਾ ਕਿ ਜੇ ਕਿਸੇ ਵੀ ਯੋਗ ਖਿਡਾਰੀ ਨੂੰ ਨੌਕਰੀ ਨਹੀਂ ਮਿਲਦੀ ਤਾਂ ਪੰਜਾਬ ਖੇਡ ਵਿਭਾਗ ਉਸ ਨੂੰ 25,000 ਰੁਪਏ ਮਹੀਨੇ 'ਤੇ ਨੌਕਰੀ ਦੇਵੇਗਾ ਤੇ ਹਰ ਸਾਲ ਤਨਖ਼ਾਹ 'ਚ 10 ਫ਼ੀਸਦ ਵਾਧਾ ਕੀਤਾ ਜਾਵੇਗਾ। ਮੰਤਰੀ ਨੇ ਅਪੀਲ ਕੀਤੀ ਕਿ ਦੂਜੇ ਸੂਬਿਆਂ 'ਚ ਖੇਡ ਰਹੇ ਖਿਡਾਰੀ ਵਾਪਸ ਆਉਣ, ਕਿਉਂਕਿ ਹੁਣ ਪੰਜਾਬ ਦੀ ਖੇਡ ਨੀਤੀ ਵਧੀਆ ਹੈ।