ਮਲੋਟ: ਇੱਥੋਂ ਦੇ ਨੇੜਲੇ ਪਿੰਡ ਆਲਮਵਾਲਾ ਨੇੜੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਪਰਿਵਾਰਾਂ ਦੇ ਚਾਰ ਜੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਫੱਟੜ ਹਨ। ਹਾਦਸਾ ਅਵਾਰਾ ਪਸ਼ੂਆਂ ਦੇ ਕਾਰ ਅੱਗੇ ਆਉਣ ਕਾਰਨ ਵਾਪਰਿਆ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਕ ਆਪਸ ਵਿੱਚ ਰਿਸ਼ਤੇਦਾਰ ਇਹ ਪਰਿਵਾਰ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਸ਼ੇਰਗੜ੍ਹ ਪਰਤ ਰਹੇ ਸਨ। ਪਰਿਵਾਰ ਦੀ ਇੱਕ ਮੈਂਬਰ ਰਾਜਵੀਰ ਕੌਰ ਹਸਪਤਾਲ 'ਚ ਜੇਰੇ ਇਲਾਜ ਹੈ। ਉਸ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਪਿੰਡ ਆਲਮਵਾਲਾ ਨਜ਼ਦੀਕ ਸੜਕ 'ਤੇ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਚਲਾ ਰਹੇ ਗੁਰਪ੍ਰੀਤ ਸਿੰਘ (30), ਉਸ ਦੀ ਮਾਤਾ ਜਸਵਿੰਦਰ ਕੌਰ (65) ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਗੰਭੀਰ ਹਾਲਤ 'ਚ ਫੱਟੜ ਬੱਚੀਆਂ ਗੁਰਵੀਰ ਕੌਰ (4) ਗੁਰਨਾਜ ਕੌਰ (3 ਮਹੀਨੇ) ਨੇ ਜਖ਼ਮਾਂ ਦੀ ਤਾਬ ਨਾ ਸਹਿੰਦਿਆਂ ਹਸਪਤਾਲ ਪੁੱਜਣ ਤੱਕ ਦਮ ਤੋੜ ਦਿੱਤਾ।
ਹਾਦਸੇ 'ਚ ਗੰਭੀਰ ਜਖ਼ਮੀ ਹੋਈ ਗੁਰਬਚਨ ਕੌਰ ਤੇ ਰਮਨਦੀਪ ਕੌਰ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਹਸਪਤਾਲ ਵਿੱਚ ਮੌਜੂਦ ਸਕੇ ਸਬੰਧੀਆਂ ਦੀਆਂ ਧਾਹਾਂ ਨੇ ਮਾਹੌਲ ਬੇਹੱਦ ਗਮਗੀਨ ਕਰ ਦਿੱਤਾ। ਇਸ ਦਰਦਨਾਕ ਹਾਦਸੇ ਦੀ ਖ਼ਬਰ ਮਿਲਦਿਆਂ ਸ਼ਹਿਰ ਵਿੱਚ ਮੌਜੂਦ ਡਿਪਟੀ ਸਪੀਕਰ ਤੇ ਹਲਕਾ ਵਿਧਾਇਕ ਅਜਾਇਬ ਸਿੰਘ ਭੱਟੀ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ। ਇਸ ਮੌਕੇ ਉਨ੍ਹਾਂ ਪਰਿਵਾਰ ਨੂੰ ਆਪਣੇ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦੁਆਇਆ।