ਮੁਹਾਲੀ: ਡੈਲੀਗੇਟਾਂ ਵੱਲੋਂ ਆਈਐਸਬੀ ਮੁਹਾਲੀ ਵਿੱਚ ਕਰਵਾਏ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸੰਮੇਲਨ-2019 ਵਿੱਚ ਹੋਏ ਸੈਸ਼ਨ ਦੌਰਾਨ ਪੰਜਾਬ ਨੂੰ ਕੌਮਾਂਤਰੀ ਤੇ ਘਰੇਲੂ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਤ ਕਰਨ ਲਈ ਹੋਰ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਪੰਜਾਬ ਨੂੰ ਹੱਬ ਵਜੋਂ ਵਿਕਸਤ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਮੈਡੀਕਲ ਖੇਤਰ ਦੇ ਪ੍ਰਸਿੱਧ ਪ੍ਰਤੀਨਿਧਾਂ ਨੇ ਇਸ ਗੱਲ ਦੀ ਗਵਾਹੀ ਭਰੀ ਕਿ ਪੰਜਾਬ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਹੁਨਰਮੰਦ ਤੇ ਸਿੱਖਿਅਤ ਮਨੁੱਖੀ ਸ਼ਕਤੀ ਤੇ ਸੂਬੇ ਵਿੱਚ ਨਵੇਂ ਉੱਦਮ ਸਥਾਪਤ ਕਰਨ ਲਈ ਸਰਕਾਰ ਦੀ ਇੱਛਾ ਸ਼ਕਤੀ, ਸਹਿਯੋਗ ਦੇ ਨਾਲ-ਨਾਲ ਹੋਟਲ ਸਨਅਤ ਸਿਖਰਾਂ 'ਤੇ ਹੈ।


ਉਨ੍ਹਾਂ ਕਿਹਾ ਕਿ ਇਸ ਅਨੁਕੂਲ ਮਾਹੌਲ ਵਿੱਚ ਪੰਜਾਬ ਨੂੰ ਕੌਮਾਂਤਰੀ ਪੱਧਰ 'ਤੇ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਤ ਕਰਨ ਦੀਆਂ ਪੂਰੀਆਂ ਸੰਭਾਵਾਨਾਵਾਂ ਹਨ। ਇਸ ਕਾਰਜ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਪੰਜਾਬ ਲਈ ਸੀਆਈਐਸ ਦੇਸ਼ਾਂ ਜਿਵੇਂ ਉਜ਼ਬੇਕਿਸਤਾਨ, ਕਜ਼ਾਕਿਸਤਾਨ ਤੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇੰਗਲੈਂਡ, ਅਸਟਰੇਲੀਆ ਦੇ ਐਨਆਰਆਈਜ਼ ਲਈ ਵਧੇਰੇ ਸਿੱਧੀਆਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਦੀ ਮੰਗ ਕਰਨੀ ਚਾਹੀਦੀ ਹੈ।

ਸੈਸ਼ਨ ਦੀ ਸ਼ੁਰੂਆਤ ਵਿੱਚ ਅਨੁਰਾਗ ਅਗਰਵਾਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਪੰਜਾਬ ਵਿੱਚ ਸਿਹਤ ਅਧਾਰਤ ਮੌਜੂਦਾ ਬੁਨਿਆਦੀ ਢਾਂਚੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ 6 ਮੈਡੀਕਲ ਕਾਲਜ, 13 ਡੈਂਟਲ ਕਾਲਜ ਤੇ ਚੰਗੀ ਗਿਣਤੀ ਵਿੱਚ ਨਰਸਿੰਗ ਕਾਲਜ ਮੌਜੂਦ ਹਨ। ਇਸ ਤੋਂ ਇਲਾਵਾ ਦੇਸ਼ ਦੇ ਮੈਡੀਕਲ ਖੇਤਰ ਦੀਆਂ ਪ੍ਰਸਿੱਧ ਸਿਹਤ ਸੰਸਥਾਵਾਂ ਜਿਵੇਂ ਫੋਰਟਿਸ, ਮੈਕਸ, ਆਈਵੀ, ਅਪੋਲੋ, ਮੈੱਡਕਾਰਡ, ਸਵਿਫਟ, ਗਰੇਸ਼ੀਅਨ, ਗਲੋਬਲ, ਕੈਪੀਟੋਲ, ਸੀਐਮਸੀ, ਡੀਐਮਸੀ ਵੱਲੋਂ ਹਸਪਤਾਲ ਸਥਾਪਤ ਕੀਤੇ ਗਏ ਹਨ।