ਦਰਅਸਲ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਨੇ ਇਕੱਠਿਆਂ ਲੰਗਰ ਛਕਿਆ ਸੀ। ਇਸ ਵਿੱਚ ਕੈਪਟਨ ਟੇਬਲ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛਕ ਰਹੇ ਹਨ। ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋਈ। ਲੋਕਾਂ ਨੇ ਇਸ ਉਪਰ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਪਰ ਗੁਰਦਾਸਪੁਰ ਦੇ ਹੈੱਡ ਟੀਚਰ ਨੂੰ ਇਸ ਪੋਸਟ 'ਤੇ ਕਮੈਂਟ ਕਰਨਾ ਮਹਿੰਗਾ ਪੈ ਗਿਆ। ਇਸ ਪੋਸਟ 'ਤੇ ਮੁੱਖ ਮੰਤਰੀ ਨੂੰ ਕੁਮੈਂਟ ਕਰਨ ਕਰਕੇ ਹੈੱਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਦੀ ਪੜਤਾਲ ਕਰ ਰਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਕੇਸ਼ ਬਾਲਾ ਨੇ ਦੱਸਿਆ ਕਿ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਆਲੇ ਚੱਕ (ਗੁਰਦਾਸਪੁਰ) ਵਿੱਚ ਬਤੌਰ ਹੈੱਡ ਟੀਚਰ ਕੰਮ ਕਰ ਰਹੇ ਹਨ। ਉਨ੍ਹਾਂ ਕੈਪਟਨ ਦੀ ਲੰਗਰ ਖਾਣ ਵਾਲੀ ਫੋਟੋ ਨੂੰ ਆਫੀਸ਼ਲ ਗਰੁੱਪ ਵਿੱਚ ਭੇਜ ਕੇ ਗ਼ਲਤ ਟਿੱਪਣੀ ਕੀਤੀ ਸੀ। ਇਸ ਗਰੁੱਪ ਵਿੱਚ ਡਿਪਟੀ ਕਮਿਸ਼ਨ ਗੁਰਦਾਸਪੁਰ ਵਿਪੁਲ ਉੱਜਵਲ ਵੀ ਸ਼ਾਮਲ ਸਨ। ਉਨ੍ਹਾਂ ਨੇ ਇਸ ਦਾ ਨੋਟਿਸ ਲੈਂਦਿਆਂ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਦੀ ਪੜਤਾਲ ਕੀਤੀ ਗਈ ਤੇ ਅਧਿਆਪਕ ਨੇ ਆਪਣੀ ਗਲਤੀ ਵੀ ਮੰਨੀ। ਇਸ ਦੀ ਰਿਪੋਰਟ ਬਣਾ ਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ। ਇਸ ਤੋਂ ਬਾਅਦ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।