ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਲੀਡਰਾਂ ਨੂੰ ਵਰਕਰਾਂ ਨਾਲ ਤਾਲਮੇਲ ਵਧਾਉਣ ਦੀ ਨਸੀਹਤ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਕੈਬਨਿਟ ਵਿੱਚ ਵਿਸਤਾਰ ਸਣੇ ਹੋਰ ਮੁੱਦਿਆਂ ਬਾਰੇ ਫੈਸਲਾ ਦੇਸ਼ ਦੇ ਪੰਜ ਰਾਜਾਂ ਦੀਆਂ ਚੋਣਾਂ ਹੋਣ ਤੱਕ ਟਾਲ ਦਿੱਤਾ ਹੈ।

ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੁਲ ਕਾਂਗਰਸ ਦੇ ਸਕੱਤਰ ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਵੱਲੋਂ ਵੀਰਵਾਰ ਨੂੰ ਰਾਹੁਲ ਗਾਂਧੀ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਗਈ ਸੀ।

ਚਰਚਾ ਸੀ ਕਿ ਇਸ ਮੀਟਿੰਗ ਵਿੱਚ ਮੰਤਰੀਆਂ ਦੇ ਮਹਿਕਮਿਆਂ ਵਿੱਚ ਫੇਰਬਦਲ ਤੇ ਚੇਅਰਮੈਨੀਆਂ ਬਾਰੇ ਫੈਸਲਾ ਹੋਏਗਾ। ਇਸ ਤੋਂ ਇਲਾਵਾ ਕੁਝ ਨਵੇਂ ਚਿਹਰੇ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੀ ਚਰਚਾ ਸੀ। ਹਾਈਕਮਾਨ ਨੇ ਇਸ ਬਾਰੇ ਫੈਸਲਾ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ ਮਗਰੋਂ ਲੈਣ ਦੀ ਸਲਾਹ ਦਿੱਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਕੈਪਟਨ ਨੇ ਰਾਹੁਲ ਗਾਂਧੀ ਨਾਲ ਵੱਖਰੇ ਤੌਰ ’ਤੇ ਵੀ 20 ਮਿੰਟ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕ ਸਭਾ ਚੋਣਾਂ ਬਾਰੇ ਚਰਚਾ ਕੀਤੀ ਗਈ ਹੈ। ਦਰਅਸਲ ਕਾਂਗਰਸ ਨੂੰ ਪੰਜਾਬ ਤੋਂ ਵੱਡੀ ਆਸ ਹੈ ਪਰ ਦਿਨ-ਪ੍ਰਤੀ-ਦਿਨ ਸਰਕਾਰ ਖਿਲਾਫ ਰੋਹ ਵਧਦਾ ਜਾ ਰਿਹਾ ਹੈ। ਪੰਜਾਬ ਦੇ ਮੁਲਾਜ਼ਮ ਤੇ ਕਿਸਾਨ ਸਰਕਾਰ ਤੋਂ ਰੁੱਸੇ ਨਜ਼ਰ ਆ ਰਹੇ ਹਨ।