ਸਿੱਟ ਬਾਦਲ ਤੋਂ ਜਾਣੇਗੀ ਬੇਅਦਬੀ ਤੇ ਗੋਲੀ ਕਾਂਡ ਦਾ ਸੱਚ!
ਏਬੀਪੀ ਸਾਂਝਾ | 16 Nov 2018 12:24 PM (IST)
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਚੰਡੀਗੜ੍ਹ ਵਿੱਚ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਬਾਰੇ ਪੁੱਛਗਿੱਛ ਹੋਏਗੀ। ਉਨ੍ਹਾਂ ਕੋਲੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਅਫਸਰ ਪੁੱਛਗਿੱਛ ਕਰਨਗੇ। ਬਾਦਲ ਨੂੰ ਪਹਿਲਾਂ ਅੰਮ੍ਰਿਤਸਰ ਬੁਲਾਇਆ ਗਿਆ ਸੀ ਪਰ ਵਡੇਰੀ ਉਮਾਰ ਕਰੇ ਉਨ੍ਹਾਂ ਚੰਡੀਗੜ੍ਹ ਵਿੱਚ ਹੀ ਪੁੱਛਗਿੱਛ ਹੋ ਰਹੀ ਹੈ। ਬਾਦਲ ਤੋਂ ਸੈਕਟਰ 4 ਦੇ ਐਮਐਲਏ ਫਲੈਟ ’ਚ ਢਾਈ ਵਜੇ ਸਵਾਲ-ਜਵਾਬ ਕੀਤੇ ਜਾਣਗੇ। ਪੁਲਿਸ ਟੀਮ ਵੱਲੋਂ ਪਹਿਲੀ ਵਾਰੀ ਸਾਬਕਾ ਮੁੱਖ ਮੰਤਰੀ ਨੂੰ ਕੋਟਕਪੂਰਾ ਕਾਂਡ ਦੀ ਤਫ਼ਤੀਸ਼ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਸ਼ੈ ਕੁਮਾਰ ਤੋਂ ਵੀ ਪੁੱਛ-ਗਿੱਛ ਕੀਤੀ ਜਾਣੀ ਹੈ। ਬਾਦਲ ਬੇਸ਼ੱਕ ਅੱਜ ਸਿੱਟ ਸਾਹਮਣੇ ਪੇਸ਼ ਹੋ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ‘ਸਿੱਟ’ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਨੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਉੱਪਰ ਗੈਰ ਪੇਸ਼ੇਵਰ ਤੇ ਪੱਖਪਾਤੀ ਰਵੱਈਆ ਅਖ਼ਤਿਆਰ ਕਰਨ ਦੇ ਦੋਸ਼ ਲਾਏ ਹਨ। ਇਸ ਲਈ ਉਸ ਨੂੰ ਜਾਂਚ ਟੀਮ ਦੇ ਮੈਂਬਰ ਵਜੋਂ ‘ਸਿੱਟ’ ’ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ।