ਲੁਧਿਆਣਾ: ਪੰਜਾਬ ਵਿੱਚ ਵੀ ਲੌਕਡਾਉਨ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ਲੁਧਿਆਣਾ ਤੋਂ ਹੋਈ ਹੈ। ਲੁਧਿਆਣਾ ਦੇ ਦੋ ਇਲਾਕਿਆਂ ਦੁੱਗਰੀ ਅਰਬਨ ਅਸਟੇਟ ਫੇਜ਼-1 ਤੇ ਅਰਬਨ ਅਸਟੇਟ ਫੇਜ਼-2 ਵਿੱਚ ਪੂਰਨ ਲੌਕਡਾਉਨ ਲਾਇਆ ਗਿਆ ਹੈ। ਪੰਜਾਬ ਦਾ ਇਹ ਪਹਿਲਾ ਇਲਾਕਾ ਹੈ ਜਿੱਥੇ ਪੂਰਨ ਲੌਕਡਾਉਨ ਲਾਇਆ ਗਿਆ ਹੈ। ਸੂਤਰਾਂ ਮੁਤਾਬਕ ਇਸ ਵਾਰ ਸਾਰੇ ਦੇਸ਼ ਜਾਂ ਸੂਬੇ ਵਿੱਚ ਲੌਕਡਾਉਨ ਦੀ ਬਜਾਏ ਇਸੇ ਤਰ੍ਹਾਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਪਾਬੰਦੀਆਂ ਲੱਗਣਗੀਆਂ।
ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੌਰਾਨ 11 ਮਹੀਨਿਆਂ ਬਾਅਦ ਲੁਧਿਆਣਾ ਦੇ ਦੁੱਗਰੀ ਅਰਬਨ ਅਸਟੇਟ ਫੇਜ਼-1 ਤੇ ਅਰਬਨ ਅਸਟੇਟ ਫੇਜ਼-2 ਵਿੱਚ ਡੀਸੀ ਦੇ ਹੁਕਮਾਂ ਤੋਂ ਬਾਅਦ ਪੂਰਨ ਤੌਰ ’ਤੇ ਲੌਕਡਾਊਨ ਕਰ ਦਿੱਤਾ ਗਿਆ ਹੈ। ਇੱਥੇ 100 ਤੋਂ ਵੱਧ ਕਰੋਨਾ ਦੇ ਕੇਸ ਸਾਹਮਣੇ ਆਉਣ ਮਗਰੋਂ ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ।
ਇਨ੍ਹਾਂ ਦੋਵਾਂ ਇਲਾਕਿਆਂ ਵਿੱਚ ਐਤਵਾਰ ਰਾਤ 9 ਵਜੇ ਤੋਂ ਅਗਲੇ ਹੁਕਮਾਂ ਤੱਕ 100 ਫੀਸਦ ਲੌਕਡਾਊਨ ਕਰਕੇ ਇਲਾਕੇ ਸੀਲ ਕਰ ਦਿੱਤੇ ਗਏ ਹਨ। ਕਰੋਨਾ ਮਹਾਮਾਰੀ ਦੌਰਾਨ ਬੀਤੇ ਦਿਨ ਲੁਧਿਆਣਾ ਵਿੱਚ ਹੁਣ ਤੱਕ ਸਭ ਤੋਂ ਵੱਧ 835 ਨਵੇਂ ਮਰੀਜ਼ ਸਾਹਮਣੇ ਆਏ ਸਨ ਜਿਨ੍ਹਾਂ ’ਚੋਂ 100 ਤੋਂ ਵੱਧ ਮਰੀਜ਼ ਅਰਬਨ ਅਸਟੇਟ ਦੁੱਗਰੀ ਦੇ ਫੇਜ਼-1 ਤੇ ਫੇਜ਼-2 ’ਚ ਸਾਹਮਣੇ ਆਏ ਹਨ।
ਪੁਲਿਸ ਨੇ ਐਲਾਨ ਕਰਵਾਇਆ ਕਿ ਇਸ ਇਲਾਕੇ ਦੇ ਮੁੱਖ ਗੇਟਾਂ ਨੂੰ ਛੱਡ ਕੇ ਸਾਰੇ ਗੇਟ ਬੰਦ ਰਹਿਣਗੇ। ਨਾਲ ਹੀ ਦੁਕਾਨਾਂ ਬੰਦ ਰਹਿਣਗੀਆਂ, ਰੇਹੜੀ-ਫੜ੍ਹੀ ਵਾਲਿਆਂ ਨੂੰ ਇਸ ਇਲਾਕੇ ਵਿੱਚ ਆਉਣ ਦੀ ਮਨਾਹੀ ਹੋਵੇਗੀ। ਜੇਕਰ ਕਿਸੇ ਨੇ ਕੋਈ ਸਾਮਾਨ ਮੰਗਵਾਉਣਾ ਹੈ ਤਾਂ ਉਹ ਆਨਲਾਈਨ ਮੰਗਵਾ ਸਕਦਾ ਹੈ।
ਇਹ ਵੀ ਪੜ੍ਹੋ: Coronavirus in Punjab: ਪੰਜਾਬ ’ਚ 18 ਦਿਨਾਂ ਅੰਦਰ ਹੀ ਹਾਹਾਕਾਰ, ਕੋਰੋਨਾ ਨੇ ਵਿਗਾੜੇ ਹਾਲਾਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin