ਅੰਮ੍ਰਿਤਸਰ: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਜੇਪੀ ਦਾ ਸਫਾਇਆ ਹੋ ਗਿਆ ਹੈ। ਜ਼ਿਲ੍ਹੇ ਦੀਆਂ 6 ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਕੁੱਲ 68 ਸੀਟਾਂ ਲਈ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚੋਂ ਕਾਂਗਰਸ ਨੇ 40 'ਤੇ ਜਿੱਥ ਹਾਸਲ ਕੀਤਾ। ਜ਼ਿਲ੍ਹੇ ਵਿੱਚੋਂ ਭਾਜਪਾ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਪ੍ਰਾਪਤ ਕਰ ਸਕਿਆ। ਜ਼ਿਲ੍ਹੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੇ 25 ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਅਹਿਮ ਗੱਲ ਹੈ ਕਿ ਕਿਸੇ ਵੇਲੇ ਅੰਮ੍ਰਿਤਸਰ ਲੋਕ ਸਭਾ ਹਲਕਾ ਬੀਜੇਪੀ ਦਾ ਗੜ੍ਹ ਰਿਹਾ ਹੈ।


ਹਾਸਲ ਜਾਣਕਾਰੀ ਮੁਤਾਬਕ ਰਮਦਾਸ ਦੀਆਂ 11 ਸੀਟਾਂ ਵਿੱਚੋਂ 8 ਕਾਂਗਰਸ ਤੇ 3 ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਹਨ। ਮਜੀਠਾ ਨਗਰ ਕੌਂਸਲ ਦੀਆਂ 13 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 10 ਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ ਹਨ। ਰਈਆ ਨਗਰ ਪੰਚਾਇਤ ਦੀਆਂ 13 ਸੀਟਾਂ ਵਿੱਚੋਂ ਕਾਂਗਰਸ ਨੇ 12 ਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਜਿੱਤੀ ਹੈ।


ਇਸੇ ਤਰ੍ਹਾਂ ਅਜਨਾਲਾ ਨਗਰ ਕੌਂਸਲ ਦੀਆਂ 15 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 8 ਤੇ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਜੰਡਿਆਲਾ ਗੁਰੂ ਹਲਕੇ ਦੀਆਂ 15 ਸੀਟਾਂ ਵਿੱਚੋਂ ਕਾਂਗਰਸ ਨੇ 10 ਤੇ ਸ਼੍ਰੋਮਣੀ ਅਕਾਲੀ ਦਲ ਨੇ 3 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।


ਨਗਰ ਨਿਗਮ ਅੰਮ੍ਰਿਤਸਰ ਦੀ ਵਾਰਡ ਨੰਬਰ 37 ਤੋਂ ਉਪ ਚੋਣ ਕਾਂਗਰਸ ਦੇ ਉਮੀਦਵਾਰ ਗਗਨਦੀਪ ਸਿੰਘ ਸਹਿਜਰਾ ਨੇ 130 ਵੋਟਾਂ ਦੇ ਫ਼ਰਕ ਨਾਲ ਅਕਾਲੀ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।