1…..ਪੰਜਾਬ ਦੇ ਨਵੇਂ ਗਵਰਨਰ ਵੀ.ਪੀ. ਸਿੰਘ ਬਦਨੌਰ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਐਸ.ਜੇ. ਵਜੀਫਦਾਰ ਨੇ ਬਦਨੌਰ ਨੂੰ ਪੰਜਾਬ ਰਾਜ ਭਵਨ ਵਿੱਚ ਸਹੁੰ ਚੁਕਾਈ। ਇਸ ਦੌਰਾਨ ਮੁੱਖ ਮੰਤਰੀ ਬਾਦਲ ਤੇ ਕੇਂਦਰੀ ਮੰਤਰੀ ਸਮੇਤ ਕਈ ਮੌਜੂਦ ਰਹੇ। ਰਾਜਸਥਾਨੀ ਪੱਗੜੀ ਵਿੱਚ ਦਿਖੇ ਬਦਨੌਰ ਨੂੰ ਤੇਜ਼ ਮੀਂਹ ਵਿੱਚ ਹੀ ਸਲਾਮੀ ਲੈਣੀ ਪਈ।
2....ਪੀਜੀਆਈ ‘ਚ ਦੇਰ ਰਾਤ ਭਾਰੀ ਹੰਗਾਮਾ ਹੋਇਆ। ਇੱਕ ਔਰਤ ਦੀ ਮੌਤ ਨੂੰ ਲੈ ਕੇ ਪਰਿਵਾਰ ਤੇ ਡਾਕਟਰਾਂ ਵਿਚਾਲੇ ਭਾਰੀ ਵਿਵਾਦ ਹੋਇਆ। ਪਰਿਵਾਰ ਦਾ ਇਲਜ਼ਾਮ ਹੈ ਕਿ ਡਾਕਟਰ ਦੀ ਲਾਪ੍ਰਵਾਈ ਕਾਰਨ ਔਰਤ ਦੀ ਮੌਤ ਹੋਈ ਹੈ। ਇਸ ਤੋਂ ਭੜਕੇ ਮ੍ਰਿਤਕ ਔਰਤ ਦੇ ਲੜਕੇ ਨੇ ਡਾਕਟਰ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਦੋਵਾਂ ‘ਚ ਕਾਫੀ ਮਾਰਕੁੱਟ ਵੀ ਹੋਈ। ਡਾਕਟਰ ਦੀ ਕੁੱਟਮਾਰ ਦੇ ਚੱਲਦੇ ਰੋਸ ਵਜੋ ਪੀਜੀਆਈ ਦੇ ਜੂਨੀਅਰ ਡਾਕਟਰਾਂ ਨੇ ਰਾਤ ਤੋਂ ਹੜਤਾਲ ਕਰ ਦਿੱਤੀ।
3….ਮਲੇਰਕੋਟਲਾ ਵਿੱਚ ਧੁਰੀ ਰੋਡ 'ਤੇ ਮੌਜੂਦ ਵਿਸ਼ਾਲ ਪੇਪਰ ਮਿਲ ਦੇ ਡਰਾਇਰ ਵਿੱਚ ਧਮਾਕਾ ਹੋਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ ਦੋ ਦਰਜਨ ਲੋਕ ਜ਼ਖਮੀ ਹੋ ਗਏ। ਧਮਾਕਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀ ਛੱਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਹਾਦਸੇ ਵਿੱਚ ਮਾਮੂਲੀ ਜ਼ਖਮੀਆਂ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਗੰਭੀਰ ਜ਼ਖਮੀਆਂ ਨੂੰ ਪਟਿਆਲਾ ਤੇ ਲੁਧਿਆਣਾ ਰੈਫਰ ਕੀਤਾ ਗਿਆ।
4….ਪਠਾਨਕੋਟ ਹਮਲੇ ਨੂੰ ਲੈ ਕੇ ਵਿਵਾਦਾਂ ‘ਚ ਆਏ ਪੰਜਾਬ ਪੁਲਿਸ ਦੇ ਐਸਪੀ ਸਲਵਿੰਦਰ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਕੋਰਟ ਨੇ ਰੇਪ ਮਾਮਲੇ ‘ਚ ਸਲਵਿੰਦਰ ਦੀ ਗ੍ਰਿਫਤਾਰੀ ‘ਤੇ ਰੋਕ ਲਾ ਦਿੱਤੀ ਹੈ। ਦਰਅਸਲ ਸਲਵਿੰਦਰ ਖਿਲਾਫ ਗੁਰਦਾਸਪੁਰ ‘ਚ ਬਲਾਤਕਾਰ ਤੇ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਸ਼ੈਸ਼ਨ ਕੋਰਟ ਨੇ ਸਲਵਿੰਦਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।