1...ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮਾਣਹਾਨੀ ਦੇ ਕੇਸ ਸਬੰਧੀ ਅਦਾਲਤ ਵਿੱਚ ਪੇਸ਼ ਹੋਏ। ਕੇਜਰੀਵਾਲ ਖਿਲਾਫ ਇਹ ਕੇਸ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ। ਅੱਜ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ‘ਤੇ ਪਾ ਦਿੱਤੀ ਹੈ।


2...ਰੋਪੜ ਦੇ ਬਾਈਪਾਸ ਨੇੜੇ ਇੱਕ ਵਿਅਕਤੀ ਦੀ ਅੱਧ ਸੜੀ ਲਾਸ਼ ਬਰਾਮਦ ਹੋਣ ਨਾਲ ਸਹਿਮ ਫੈਲ ਗਿਆ। ਮ੍ਰਿਤਕ ਦੀ ਪਛਾਣ ਨੰਦੂ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮ੍ਰਿਤਕ ਆਪਣੇ ਪਰਿਵਾਰ ਨਾਲ ਕਈ ਸਾਲਾਂ ਤੋਂ ਬਾਈਪਾਸ ਨੇੜੇ ਰਹਿੰਦਾ ਸੀ। ਪੁਲਿਸ ਨੂੰ ਨੰਦੂ ਦੇ ਗਲੇ ਉੱਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ।

3…ਨਵਾਸ਼ਹਿਰ ਦੇ ਪਿੰਡ ਉੜਪੁੜ ਵਿੱਚ ਇੱਕ ਬਜੁਰਗ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੇ ਭਰਾ ਨੂੰ ਵੀ ਜ਼ਖਮੀ ਕੀਤਾ ਗਿਆ। ਹਾਸਲ ਜਾਣਕਾਰੀ ਮੁਤਾਬਕ ਗੁਆਂਢੀਆਂ ਨਾਲ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਕਤਲ ਹੋਇਆ ਹੈ ਪਰ ਕਿਸ ਨੇ ਕੀਤਾ ਇਹ ਜਾਂਚ ਮਗਰੋਂ ਸਾਫ ਹੋਵੇਗਾ।

4... ਫਿ਼ਰੋਜ਼ਪੁਰ ਦੇ ਪਿੰਡ ਸ਼ਕੂਰ ਵਿੱਚ ਕਰਜ਼ੇ ਤੋਂ ਸਤਾਏ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਗੁਰਪਿੰਦਰ ਸਿੰਘ ਤੇ 6 ਲੱਖ ਰੁਪਏ ਆੜਤੀਆ ਤੇ ਲਿਮਟ ਦਾ ਕਰਜ਼ਾ ਸੀ ਜੋ ਮੋੜਨ ਵਿੱਚ ਅਸਮਰਥ ਹੋਣ ਕਾਰਨ ਕਿਸਾਨ ਨੇ ਸਰਹੰਦ ਫੀਡਰ ਵਿੱਚ ਛਾਲ ਮਾਰ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਖੇਤੀ ਵਿੱਚ ਲਗਾਤਾਰ ਖਰਚ ਨਾਲੋਂ ਘੱਟ ਆਮਦਨੀ ਸਦਕਾ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਸੀ। ਕੁਝ ਸਮਾਂ ਪਹਿਲਾਂ ਗੁਰਪਿੰਦਰ ਸਿੰਘ ਨੇ ਆਪਣੀ ਕੁੜੀ ਦੇ ਵਿਆਹ ਲਈ ਵੀ ਥੋੜ੍ਹਾ ਕਰਜ਼ ਚੁੱਕਿਆ ਸੀ ਜੋ ਮੋੜਿਆ ਨਹੀਂ ਜਾ ਰਿਹਾ ਸੀ।

5...ਬਠਿੰਡਾ ਦੇ ਇੰਡਸਟਰੀਅਲ ਏਰੀਏ ‘ਚ ਸਾਬਨ ਫੈਕਟਰੀ ਨੂੰ ਅੱਗ ਲੱਗਣ ਨਾਲ ਪੂਰੀ ਦੀ ਪੂਰੀ ਫੈਕਟਰੀ ਸੜਕੇ ਸਵਾਹ ਹੋ ਗਈ। ਇਹ ਅੱਗ ਅੱਜ ਸਵੇਰੇ ਤਕਰੀਬਨ ਪੰਜ ਕੁ ਵਜੇ ਲੱਗੀ। ਜਾਣਕਾਰੀ ਮੁਤਾਬਕ ਬਾਂਸਲ ਸੋਪ ਫੈਕਟਰੀ ਦੇ ਮਾਲਕ ਸ਼ਿਵ ਬਾਂਸਲ ਨੂੰ ਕਿਸੇ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿੱਚੋਂ ਧੂਆਂ ਨਿਕਲ ਰਿਹਾ ਹੈ। ਉਹ ਜਦੋਂ ਫੈਕਟਰੀ ਪਹੁੰਚੇ ਤਾਂ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਫੈਕਟਰੀ ਦਾ ਪੂਰੇ ਦਾ ਪੂਰਾ ਲੈਂਟਰ ਵੀ ਡਿੱਗ ਗਿਆ।