ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਚਿੱਠੀ ਭੇਜ ਦੇ ਪੰਜਾਬ ਦੀ ਤਾਜ਼ਾ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਚਿੱਠੀ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਅਣਐਲਾਨੀ ਐਮਰਜੈਂਸੀ ਲਾਈ ਗਈ ਹੈ ਕਿਉਂਕਿ ਸਿੱਖਾਂ ਨੂੰ ਜਬਰੀ ਚੁੱਕ ਕੇ ਥਾਣਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ।


ਉਨ੍ਹਾਂ ਲਿਖਿਆ ਕਿ 'ਸਰਬੱਤ ਖਾਲਸਾ' ਦੇ 1561 ਆਗੂਆਂ ਤੇ ਸਮਰਥਕਾਂ ਨੂੰ ਪੁਲੀਸ ਨੇ ਬਿਨਾਂ ਵਾਰੰਟ ਤੋਂ ਘਰਾਂ ਵਿੱਚੋਂ ਚੁੱਕ ਲਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਹਾਲਾਤ ਇੰਨੇ ਖਰਾਬ ਹਨ ਕਿ ਪੰਜਾਬ ਪੁਲਿਸ ਕਥਿਤ ਤੌਰ 'ਤੇ ਪੰਥਕ ਆਗੂਆਂ ਨੂੰ ਚੰਡੀਗੜ੍ਹ ਤੋਂ ਹਿਰਾਸਤ 'ਚ ਲੈ ਕੇ ਗ੍ਰਿਫਤਾਰੀਆਂ ਪੰਜਾਬ ਵਿੱਚੋਂ ਦਿਖਾ ਰਹੀ ਹੈ।

ਵੱਡੀ ਗਿਣਤੀ ਵਿੱਚ ਪੰਥਕ ਆਗੂ ਗ੍ਰਿਫਤਾਰੀਆਂ ਤੋਂ ਬਚਣ ਲਈ ਆਪਣੇ ਘਰਾਂ ਤੋਂ ਦੂਰ ਚਲੇ ਗਏ ਹਨ। ਪੱਤਰ ਵਿੱਚ ਤਲਵੰਡੀ ਸਾਬੋ ਵਿੱਚ 'ਸਰਬੱਤ ਖਾਲਸਾ' ਵਾਲੀ ਥਾਂ 'ਤੇ ਲਾਏ ਜਾ ਰਹੇ ਟੈਂਟ ਪੁਲਿਸ ਵੱਲੋਂ ਪੁੱਟ ਦੇਣ 'ਤੇ ਵੀ ਰੋਸ ਪ੍ਰਗਟਾਇਆ ਗਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਦੀਆਂ ‘ਵਧੀਕੀਆਂ’ ਤੋਂ ਛੁਟਕਾਰੇ ਲਈ ਰਾਜ ’ਚ ਰਾਸ਼ਟਰਪਤੀ ਰਾਜ ਬਿਨਾਂ ਦੇਰੀ ਲਾਇਆ ਜਾਵੇ ਤੇ ਲੋਕਾਂ 'ਤੇ 'ਸਰਬੱਤ ਖਾਲਸਾ' ਵਿੱਚ ਸ਼ਾਮਲ ਹੋਣ ਸਬੰਧੀ ਕੋਈ ਰੋਕ ਨਾ ਲਾਈ ਜਾਵੇ।