Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੀਵਾਲੀ ਤੋਂ ਪਹਿਲਾਂ ਉਸਾਰੀ ਮਜ਼ਦੂਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਰਜਿਸਟਰਡ ਦਿਹਾੜੀਦਾਰ ਮਜ਼ਦੂਰਾਂ ਦੀ ਮਹੀਨਾਵਾਰ ਆਮਦਨ ਵਿੱਚ 10 ਫੀਸਦੀ ਵਾਧਾ ਕੀਤਾ ਹੈ। ਉਨ੍ਹਾਂ ਇਹ ਫੈਸਲਾ ਦਿਹਾੜੀਦਾਰ ਮਜ਼ਦੂਰ ਬੋਰਡ ਦੀ ਮੀਟਿੰਗ ਤੋਂ ਬਾਅਦ ਲਿਆ ਹੈ। ਮੁੱਖ ਮੰਤਰੀ ਨੇ ਉਸਾਰੀ ਮਜ਼ਦੂਰ ਬੋਰਡ ਦੀ ਮੀਟਿੰਗ ਕੀਤੀ ਅਤੇ ਮਜ਼ਦੂਰਾਂ ਲਈ ਸਰਕਾਰ ਦੀਆਂ ਯੋਜਨਾਵਾਂ ਦਾ ਜਾਇਜ਼ਾ ਲਿਆ।


ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਦਿਨ ਰਾਤ ਮਿਹਨਤ ਕਰ ਪੰਜਾਬ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਉਣ ਵਾਲੇ ਉਸਾਰੀ ਮਜ਼ਦੂਰਾਂ ਲਈ ਅੱਜ ਮੈਂ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ ਹਾਂ...ਰਜਿਸਟਰਡ ਉਸਾਰੀ ਮਜ਼ਦੂਰਾਂ ਦੀ ਘੱਟੋਂ ਘੱਟ ਮਹੀਨਾ ਵਾਰ ਆਮਦਨ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ..ਤਾਂ ਜੋ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਦੀ ਮਿਹਨਤ ਦੀ ਕਮਾਈ ਓਹਦੇ ਹੱਥਾਂ 'ਚ ਹੋਵੇ...


 




ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰਡ ਦਿਹਾੜੀਦਾਰ ਮਜ਼ਦੂਰਾਂ ਦੀ ਮਹੀਨਾਵਾਰ ਆਮਦਨ ਵਿੱਚ 715 ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਪਿੰਡਾਂ, ਲੇਬਰ ਚੌਕਾਂ ਅਤੇ ਉਸਾਰੀ ਵਾਲੀਆਂ ਥਾਵਾਂ ‘ਤੇ ਵੱਡੇ ਪੱਧਰ ‘ਤੇ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ ਅਤੇ ਇਕ ਐਪ ਵੀ ਜਾਰੀ ਕੀਤੀ ਹੈ ਤਾਂ ਜੋ ਹਰ ਮਜ਼ਦੂਰ ਸਰਕਾਰ ਦੀ ਸਕੀਮ ਦਾ ਲਾਭ ਲੈ ਸਕਣ ।


 


 

ਗੈਰ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਆਮਦਨ ਮਹੀਨਾਵਾਰ 9,192 ਰੁਪਏ ਤੋਂ ਵਧਾ ਕੇ 9,907 ਰੁਪਏ ਕਰ ਦਿੱਤੀ ਗਈ ਹੈ, ਜਦਕਿ ਅਰਧ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਆਮਦਨ ਮਹੀਨਾਵਾਰ 9,972 ਰੁਪਏ ਤੋਂ ਵਧਾ ਕੇ 10,687 ਰੁਪਏ ਕਰ ਦਿੱਤੀ ਗਈ ਹੈ। ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਆਮਦਨ ਮਹੀਨਾਵਾਰ 10,869 ਰੁਪਏ ਤੋਂ ਵਧਾ ਕੇ 11,584 ਰੁਪਏ ਅਤੇ ਉੱਚ ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਆਮਦਨ ਮਹੀਨਾਵਾਰ 11,901 ਰੁਪਏ ਤੋਂ ਵਧਾ ਕੇ 12,616 ਰੁਪਏ ਕਰ ਦਿੱਤੀ ਗਈ ਹੈ।