ਸੁਨਾਮ: ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਸੀਐੱਮ ਭਗਵੰਤ ਮਾਨ ਵੱਲੋਂ ਸੁਨਾਮ 'ਚ ਉਹਨਾਂ ਦੇ ਯਾਦਗਾਰ  'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਹਨਾਂ ਕਿਹਾ ਕਿ ਸ਼ਹੀਦਾਂ  'ਚ ਊਧਮ ਸਿੰਘ ਦਾ ਦਰਜਾ ਬਹੁਤ ਸਨਮਾਨਜਨਕ ਹੈ ਅਤੇ ਉਹਨਾਂ ਨੂੰ ਮਾਣ ਹੈ ਕਿ ਉਹ ਵੀ ਸ਼ਹੀਦਾਂ ਦੀ ਧਰਤੀ ਨਾਲ ਸੰਬੰਧਤ ਹਨ। ਇਸ ਦੌਰਾਨ ਉਹਨਾਂ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਮੀਤ ਹੇਅਰ ਵੀ ਮੌਜੂਦ ਰਹੇ। 


ਮੀਡੀਆ ਨਾਲ ਰੂਬਰੂ ਹੁੰਦੇ ਸੀਐੱਮ ਮਾਨ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਵਾਲੇ ਸੁਨਾਮ ਦੇ ਵਿਕਾਸ ਲਈ ਸਰਕਾਰ ਵੱਲੋਂ ਕੋਸ਼ਿਸਾਂ ਜਾਰੀ ਹਨ ਅਤੇ ਅੱਜ ਆਈਟੀਆਈ  'ਚ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੁਨਾਮ ਦੇ ਨਾਲ ਲੱਗਦੇ ਕਸਬਿਆਂ ਦਾ ਵੀ ਵਿਕਾਸ ਕੀਤਾ ਜਾਵੇਗਾ। 


'ਆਪ ਦੀ ਸਰਕਾਰ ਤੁਹਾਡੇ ਦੁਆਰ' ਨਾਮ ਦੇ ਪ੍ਰੋਗਰਾਮ ਦੀ ਹੋਵੇਗੀ ਸ਼ੁਰੂਆਤ 


ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਦਫਤਰਾਂ  'ਚ ਖੱਜਲ ਖੁਆਰ ਹੋਣ ਤੋਂ ਬਚਾਉਣ ਲਈ ਵਿਕਾਸ ਪ੍ਰਾਜੈਕਟਾਂ ਦੀ ਜਲਦ ਹੀ ਸ਼ੁਰੂਆਤ ਕੀਤੀ ਜਾਵੇਗੀ।ਜਿਸ ਲਈ 'ਆਪ ਦੀ ਸਰਕਾਰ ਤੁਹਾਡੇ ਦੁਆਰ' ਨਾਮ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ । ਜਿਸ ਤਹਿਤ ਹਰ ਹਲਕੇ  'ਚ ਹਰ ਹਲਕੇ  'ਚ ਵਿਧਾਇਕ ਦਾ ਦਫਤਰ , ਨਾਲ ਹੀ ਇੱਕ ਸਰਕਾਰ ਦਾ ਦਫਤਰ ਖੋਲ੍ਹਿਆ ਜਾਵੇਗਾ ਅਤੇ ਲੋਕਾਂ ਦੀ ਮੁਸ਼ਕਲਾਂ ਦੀ ਹੱਲ ਉਹਨਾਂ ਦੇ ਘਰਾਂ ਨਜ਼ਦੀਕ ਹੀ ਕੀਤਾ ਜਾਵੇਗਾ। 


ਦੇਸ਼ ਦੇ ਸਰਵਉੱਤਮ ਬੁੱਤ ਘਾੜੇ ਬਣਾਉਣਗੇ ਸ਼ਹੀਦਾਂ ਦੇ ਬੁੱਤ


ਇਸ ਦੌਰਾਨ ਉਹਨਾਂ ਦੱਸਿਆ ਕਿ ਦੇਸ਼ ਦੇ ਸਭ ਤੋਂ ਬੈਸਟ ਬੁੱਤ ਘਾੜਿਆਂ ਤੋਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਵਾਈਆਂ ਜਾਣਗੀਆਂ ਜੋ ਕਿ ਵੱਖ-ਵੱਖ ਥਾਵਾਂ 'ਤੇ ਸਥਾਪਿਤ ਕੀਤੀਆਂ ਜਾਣਗੀਆਂ। ਨਾਲ ਹੀ ਵਿਦੇਸ਼ਾਂ 'ਚ ਪਈਆਂ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਵਾਪਸ ਲਿਆਂਦਾ ਜਾਵੇਗਾ ਜਿਸ ਲਈ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਜਾਵੇਗਾ।