ਗਗਨਦੀਪ ਸ਼ਰਮਾ, ਅੰਮ੍ਰਿਤਸਰ : ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਆਖਰ ਅੰਮ੍ਰਿਤਸਰ ਪੁਲਿਸ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਰਿਮਾਂਡ 'ਤੇ ਲੈਣ ਲਈ ਅੱਜ ਸਫਲ ਹੋ ਜਾਵੇਗੀ, ਕਿਉਂਕਿ ਜੱਗੂ ਨੇ ਹਾਈਕੋਰਟ ਵਿੱਚੋਂ ਪੁਲਿਸ ਖਿਲਾਫ ਪਟੀਸ਼ਨ ਵਾਪਸ ਲੈ ਲਈ ਹੈ। ਜੱਗੂ ਨੇ ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਤੋਂ ਐਨਕਾਊਂਟਰ ਦਾ ਖਦਸ਼ਾ ਦੱਸਦੇ ਹੋਏ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ। 


ਅੰਮ੍ਰਿਤਸਰ ਪੁਲਿਸ ਨੂੰ 23 ਅਗਸਤ ਤਕ ਜੱਗੂ ਦਾ ਰਿਮਾਂਡ ਲੈਣ 'ਤੇ ਸਟੇਅ ਆਰਡਰ ਦਿੱਤਾ ਸੀ ਪਰ ਹੁਣ ਜੱਗੂ, ਕਿਉਂਕਿ ਪੰਜਾਬ ਪੁਲਿਸ ਦੀ ਹਿਰਾਸਤ 'ਚ ਹੈ ਤਾਂ ਅਜਿਹੇ 'ਚ ਜੱਗੂ ਭਗਵਾਨਪੁਰੀਆ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਤੇ ਅੰਮ੍ਰਿਤਸਰ ਪੁਲਿਸ ਨੂੰ ਜੱਗੂ ਦਾ ਰਾਣਾ ਕੰਦੋਵਾਲੀਆ ਮਾਮਲੇ 'ਚ ਰਿਮਾਂਡ ਲੈਣ ਦਾ ਰਾਹ ਖੁੱਲ੍ਹ ਗਿਆ ਹੈ। ਹਾਲਾਂਕਿ ਅੰਮ੍ਰਿਤਸਰ ਪੁਲਿਸ ਵੀ ਹਾਈਕੋਰਟ 'ਚ ਜਵਾਬ ਪੇਸ਼ ਕਰਨ ਜਾ ਰਹੀ ਸੀ ਪਰ ਜੱਗੂ, ਜੋ ਪਿਛਲੇ 11 ਦਿਨਾਂ ਤੋਂ ਗੁਰਦਾਸਪੁਰ ਪੁਲਿਸ ਦੀ ਹਿਰਾਸਤ ਹੈ, ਨੇ ਆਪਣੀ ਪਟੀਸ਼ਨ ਹੀ ਵਾਪਸ ਲੈ ਲਈ। ਦੂਜੇ ਪਾਸੇ ਜੱਗੂ ਭਗਵਾਨਪੁਰੀਆ ਸਿੱਧੂ ਮੂਸੇਵਾਲਾ ਕੇਸ 'ਚ ਨਾਮਜ਼ਦ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲਿਆਂ 'ਚ ਰਿਮਾਂਡ 'ਤੇ ਹੈ ਤੇ ਮਾਨਸਾ, ਅੰਮ੍ਰਿਤਸਰ ਦਿਹਾਤੀ ਤੇ ਗੁਰਦਾਸਪੁਰ ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਅੱਜ ਗੁਰਦਾਸਪੁਰ ਦੇ ਡਿਊਟੀ ਮੈਜਿਸਟ੍ਰੇਟ ਜੇਕਰ ਜੱਗੂ ਦਾ ਟਰਾਂਜਿਟ ਰਿਮਾਂਡ ਦੇ ਦਿੰਦੇ ਹਨ ਤੇ ਅੰਮ੍ਰਿਤਸਰ 'ਚ ਆਖਰਕਾਰ ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਜੱਗੂ ਕੋਲੋਂ ਪੁੱਛਗਿੱਛ ਕਰ ਸਕੇਗੀ। 


ਜੱਗੂ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਕੋਲੋਂ ਅੰਮ੍ਰਿਤਸਰ ਪੁਲਿਸ ਪਹਿਲਾਂ ਹੀ ਇਸ ਮਾਮਲੇ 'ਚ ਪੁੱਛਗਿੱਛ ਕਰ ਚੁੱਕੀ ਹੈ। ਭਾਵੇਂਕਿ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀ ਇਸ ਬਾਬਤ ਕੋਈ ਜਾਣਕਾਰੀ ਨਹੀਂ ਦੇ ਰਹੇ ਪਰ ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲਿਸ ਅੱਜ ਗੁਰਦਾਸਪੁਰ ਜੱਗੂ ਨੂੰ ਲੈਣ ਰਵਾਨਾ ਹੋ ਗਈ ਹੈ ਤੇ ਅੱਜ ਹੀ ਜੱਗੂ ਨੂੰ ਡਿਊਟੀ ਮੈਜਿਸਟਰੇਟ ਮੂਹਰੇ ਪੇਸ਼ ਕੀਤਾ ਜਾ ਸਕਦਾ ਹੈ।