Punjab News: ਸ਼੍ਰੋਮਣੀ ਅਕਾਲੀ ਦਲ ਨੇ ਬੇਰੁਗਜਾਰ ਲਾਈਨਮੈਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਲਾਈਨਮੈਨਾਂ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਅਕਾਲੀ ਦਲ ਦੀ ਤਰਫੋਂ ਹਰ ਸੰਭਵ ਮਦਦ ਦਾ ਵਾਅਦਾ ਕੀਤਾ ਹੈ। ਉਹ ਇਨਸਾਫ਼ ਦੇ ਹੱਕਦਾਰ ਹਨ ਤੇ ਅਸੀਂ ਇਸ ਲੜਾਈ ਵਿੱਚ ਉਨ੍ਹਾਂ ਦਾ ਪੂਰਾ ਸਾਥ ਦੇਵਾਂਗੇ।
ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇ ਉੱਪਰ ਲਿਖਿਆ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਨਾ ਕੇਵਲ ਪੰਜਾਬ ਤੋਂ ਬਾਹਰੋਂ 400 ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ, ਸਗੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ ਕਰਵਾਏ ਗਏ ਪ੍ਰਮਾਣਿਤ ਕੋਰਸ ਨੂੰ ਪੂਰਾ ਕਰਨ ਵਾਲਿਆਂ ਵਿੱਚੋਂ (ਲਿਖ਼ਤੀ ਤੌਰ 'ਤੇ ਅਗਸਤ ਵਿੱਚ ਭਰਤੀ ਕਰਨ ਦਾ ਭਰੋਸਾ ਦਿਵਾਉਣ ਤੋਂ ਬਾਅਦ ਵੀ) 730 ਅਸਾਮੀਆਂ ਨੂੰ ਭਰਨ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਆਪਣੀ ਨੌਕਰੀ ਲਈ ਮੰਗ ਕਰਦੇ ਧਰਨਾ ਪ੍ਰਦਰਸ਼ਨ ਕਰ ਰਹੇ ਲਾਈਨਮੈਨਾਂ 'ਤੇ ਪਹਿਲਾਂ 5 ਸਤੰਬਰ ਨੂੰ ਲਾਠੀਚਾਰਜ ਕੀਤਾ ਗਿਆ ਤੇ ਹੁਣ ਜਦੋਂ ਉਹ 66 ਕੇਵੀਏ ਦੇ ਟਾਵਰ 'ਤੇ ਚੜ੍ਹੇ ਹਨ ਤਾਂ ਉਨ੍ਹਾਂ ਨੂੰ ਪਰਚੇ ਦਰਜ ਕੀਤੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੈਂ ਪੀੜ੍ਹਤ ਨੌਜਵਾਨਾਂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਅਕਾਲੀ ਦਲ ਦੀ ਤਰਫੋਂ ਹਰ ਸੰਭਵ ਮਦਦ ਦਾ ਵਾਅਦਾ ਕੀਤਾ ਹੈ। ਉਹ ਇਨਸਾਫ਼ ਦੇ ਹੱਕਦਾਰ ਹਨ ਤੇ ਅਸੀਂ ਇਸ ਲੜਾਈ ਵਿੱਚ ਉਨ੍ਹਾਂ ਦਾ ਪੂਰਾ ਸਾਥ ਦੇਵਾਂਗੇ।
ਦੱਸ ਦਈਏ ਕਿ ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਸੰਘਰਸ਼ ਲਾਈਨਮੈਨ ਯੂਨੀਅਨ ਪੰਜਾਬ ਦੇ ਮੈਂਬਰ ਆਪਣੀਆਂ ਮੰਗਾਂ ਮਨਵਾਉਣ ਲਈ ਪਟਿਆਲਾ ਵਿੱਚ ਸ਼ਕਤੀ ਵਿਹਾਰ ਨੇੜੇ ਬਿਜਲੀ ਟਾਵਰ ’ਤੇ ਚੜ੍ਹ ਗਏ ਸੀ। ਉਨ੍ਹਾਂ ਦੇ ਕਈ ਸਾਥੀ ਟਾਵਰ ਦੇ ਹੇਠ ਧਰਨਾ ਦੇ ਰਹੇ ਹਨ। ਬੀਤੇ ਦਿਨੀਂ ਇਨ੍ਹਾਂ ਨੇ ਮਾਲ ਰੋਡ ਸਥਿਤ ਪਾਵਰਕਾਮ ਦੇ ਹੈੱਡਕੁਆਰਟਰ ਸਾਹਮਣੇ ਧਰਨਾ ਦਿੱਤਾ ਸੀ ਪਰ ਪੁਲਿਸ ਨੇ ਲਾਠੀਚਾਰਜ ਕਰਕੇ ਇਨ੍ਹਾਂ ਨੂੰ ਖਦੇੜ ਦਿੱਤਾ ਸੀ।
ਭਰਤੀ ਦੀ ਮੰਗ ਨੂੰ ਲੈ ਕੇ ਵਿੱਢੇ ਸੰਘਰਸ਼ ਦੌਰਾਨ ‘ਅਪ੍ਰੈਂਟਿਸਸ਼ਿਪ ਬੇਰੁਜ਼ਗਾਰ ਲਾਈਨਮੈਨ ਯੂਨੀਅਨ’ ਦੇ ਕਾਰਕੁਨ ਬਿਜਲੀ ਦੇ ਟਾਵਰ ’ਤੇ ਡਟੇ ਹੋਏ ਹਨ। ਇਸ ਸਬੰਧੀ ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘਵਾਲਾ ਨਾਲ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਇਸ ਦੌਰਾਨ ਪ੍ਰਦਰਸ਼ਨਕਾਰੀ ਸਰਕਾਰ ਕੋਲੋਂ ਭਰਤੀ ਦਾ ਲਿਖਤੀ ਭਰੋਸਾ ਦੇਣ ਦੀ ਮੰਗ ਕਰ ਰਹੇ ਹਨ। ਸੰਘਰਸ਼ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਕਮਲਦੀਪ ਵੱਲੋਂ ਕੀਤੀ ਜਾ ਰਹੀ ਹੈ।