Gidderbaha News:  ਪੰਜਾਬ ਦੇ ਗਿੱਦੜਬਾਹਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗਿੱਦੜਬਾਹਾ ਥਾਣੇ 'ਚ ਕਿਸੇ ਗੱਲ ਨੂੰ ਲੈ ਕੇ ਆਈਆਂ ਦੋ ਧਿਰਾਂ 'ਚ ਹੱਥੋਪਾਈ ਹੋ ਗਈ। ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਇੱਕ ਧਿਰ ਦੇ ਲੋਕਾਂ ਨੇ ਥਾਣੇ ਵਿੱਚ ਹੀ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਇੱਕ ਸਿਪਾਹੀ ਦੀ ਉਂਗਲੀ ਨੂੰ ਮੂੰਹ ਵਿੱਚ ਪਾ ਕੇ ਵੱਢ ਦਿੱਤਾ ਗਿਆ। ਇਸ ਦੇ ਨਾਲ ਹੀ ਵਰਦੀ ਨੂੰ ਵੀ ਹੱਥ ਪਾਇਆ ਗਿਆ ਜਦੋਂਕਿ ਬਚਾਅ ਲਈ ਆਏ ਦੂਜੇ ਕਾਂਸਟੇਬਲ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਗਿਆ।


ਜ਼ਖ਼ਮੀ ਕਾਂਸਟੇਬਲਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ


ਮੁਲਜ਼ਮਾਂ ਨੇ ਗੇਟ ’ਤੇ ਤਾਇਨਾਤ ਸੰਤਰੀ ਦੀ ਵਰਦੀ ਦੇ ਬਟਨ ਖਿੱਚ ਕੇ ਤੋੜ ਦਿੱਤੇ। ਦੋ ਕਾਂਸਟੇਬਲਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਦੋ ਔਰਤਾਂ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਇਹ ਸੀ ਮਾਮਲਾ


ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸ੍ਰੀਰਾਮ ਪੁੱਤਰ ਮੱਟੂ ਰਾਮ ਵਾਸੀ ਗਿੱਦੜਬਾਹਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਰਿਆਣਾ ਤੇ ਗਿੱਦੜਬਾਹਾ ਦੇ ਕੁਝ ਵਿਅਕਤੀ ਘਰ ਵਿੱਚ ਦਾਖ਼ਲ ਹੋ ਗਏ ਅਤੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਲੜਕੀ ਨਾਲ ਝਗੜਾ ਕੀਤਾ। ਸ਼ਿਕਾਇਤ ਮਿਲਣ ’ਤੇ ਪੁਲਿਸ ਟੀਮ ਸ਼ਿਕਾਇਤਕਰਤਾ ਦੇ ਘਰ ਪੁੱਜੀ ਅਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਜਦੋਂ ਪੁਲਿਸ ਅਧਿਕਾਰੀ ਦੋਵਾਂ ਧਿਰਾਂ ਦੇ ਵਿਚਾਰ ਦੱਸਣ ਲੱਗੇ ਤਾਂ ਦੋਵੇਂ ਧਿਰਾਂ ਦੇ ਲੋਕ ਆਪਸ ਵਿੱਚ ਲੜਨ ਲੱਗੇ। ਬਹਿਸ ਨੇ ਫਿਰ ਖੌਫਨਾਕ ਰੂਪ ਲੈ ਲਿਆ।


ਇਸ ਦੌਰਾਨ ਏਐਸਆਈ ਰਣਜੀਤ ਸਿੰਘ, ਕਾਂਸਟੇਬਲ ਮਨਦੀਪ ਸਿੰਘ, ਐਲਸੀ ਵੀਰਪਾਲ ਕੌਰ ਨੇ ਦੋਵਾਂ ਧਿਰਾਂ ਨੂੰ ਬਹਿਸ ਕਰਨ ਤੋਂ ਰੋਕਿਆ ਤਾਂ ਸੂਰਜ ਕੁਮਾਰ ਅਤੇ ਉਸ ਦੇ ਸਾਥੀ ਗੁੱਸੇ ਵਿੱਚ ਆ ਗਏ ਅਤੇ ਪੁਲਿਸ ਟੀਮ ਨਾਲ ਹੱਥੋਪਾਈ ਹੋ ਗਈ। ਇਸ ਦੌਰਾਨ ਰੋਹਿਤ ਕੁਮਾਰ ਨੇ ਕਾਂਸਟੇਬਲ ਮਨਪ੍ਰੀਤ ਸਿੰਘ ਨੂੰ ਧੱਕਾ ਦੇ ਦਿੱਤਾ ਅਤੇ ਉਸਦੇ ਖੱਬੇ ਹੱਥ ਦੀ ਉਂਗਲੀ ਮੂੰਹ ਵਿੱਚ ਪਾ ਕੇ ਵੱਢ ਦਿੱਤੀ ਅਤੇ ਉਸ ਦੀ ਵਰਦੀ ਪਾੜਨ ਦੀ ਕੋਸ਼ਿਸ਼ ਕੀਤੀ ਗਈ। ਉੱਧਰ ਇੱਕ ਹੋਰ ਕਾਂਸਟੇਬਲ ਮਨਦੀਪ ਸਿੰਘ 'ਤੇ ਵੀ ਡਾਂਗਾਂ ਨਾਲ ਹਮਲਾ ਕੀਤਾ ਗਿਆ।



ਪੁਲਿਸ ’ਤੇ ਹਮਲਾ ਹੁੰਦਾ ਦੇਖ ਥਾਣੇ ਵਿੱਚ ਮੌਜੂਦ ਹੋਰ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ ਅਤੇ ਹਮਲਾਵਰਾਂ ਨੂੰ ਕਾਬੂ ਕਰ ਲਿਆ। ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਤਿਲਕ ਰਾਜ ਨੇ ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਕਾਂਸਟੇਬਲ ਮਨਦੀਪ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਮੁਲਜ਼ਮ ਸੂਰਜ ਕੁਮਾਰ, ਸ਼ਿਵਾ, ਮਨੂ ਰਾਣੀ, ਤਿਲਕ ਰਾਜ, ਰੋਹਿਤ ਕੁਮਾਰ ਅਤੇ ਸੁਸ਼ਮਾ ਦੇਵੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।