ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸ਼ਰਾਬ ਤਸਕਰੀ ਨੂੰ ਲੈ ਕੇ ਬਦਨਾਮ ਪਿੰਡਾਂ ’ਚ ਸਮੇਂ-ਸਮੇਂ ’ਤੇ ਐਕਸਾਈਜ਼ ਵਿਭਾਗ ਤੇ ਪੁਲਸ ਪ੍ਰਸਾਸ਼ਨ ਵੱਲੋਂ ਛਾਪੇਮਾਰੀ ਕਰਕੇ ਹਾਜ਼ਾਰ ਨੂੰ ਲੀਟਰ ਲਾਹਣ ਬਰਾਮਦ ਕਰਨ ਤੋਂ ਬਾਅਦ ਕਈ ਲੋਕਾਂ ਦੇ ਵਿਰੁੱਧ ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਹਨ। ਪਰ ਫਿਰ ਵੀ ਸ਼ਰਾਬ ਦੀ ਤਸਕਰ ਕਰਨ ਵਾਲੇ ਲੋਕ ਬਾਜ ਨਹੀਂ ਆ ਰਹੇ ਹੈ। ਇਸੇ ਲੜੀ ਤਹਿਤ ਸ਼ਰਾਬ ਤਸਕਰੀ ਨੂੰ ਰੋਕਣ ਲਈ ਐਕਸਾਈਜ਼ ਵਿਭਾਗ ਤੇ ਪੁਲਿਸ ਪ੍ਰਸਾਸ਼ਨ ਦੇ ਵੱਲੋਂ ਪਿੰਡ ਦਰੋਗਾ , ਢਾਣੀ ਪ੍ਰੇਮ ਸਿੰਘ ਵਾਲਾ ਅਤੇ ਪਿੰਡ ਕਾਠਗੜ੍ਹ ਸੇਮਨਾਲਾ ਉੱਤੇ ਰੇਡ ਕੀਤੀ। ਇਸ ਦੌਰਾਨ ਪੁਲਿਸ ਟੀਮ ਵੱਲੋਂ ਸ਼ਰਾਬ ਤਸਕਰਾਂ ਵੱਲੋਂ ਨਾਜਾਇਜ਼ ਤੌਰ ’ਤੇ ਲਗਭਗ 5 ਹਜ਼ਾਰ ਲੀਟਰ ਨਾਜਾਇਜ਼ ਤੌਰ ’ਤੇ ਸਟੋਰ ਕੀਤੀ ਗਈ ਲਾਹਣ ਦੇ ਜ਼ਖੀਰੇ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਗਿਆ ਹੈ।
ਇਨਸਾਨੀ ਜ਼ਿੰਦਗੀਆਂ ਦੇ ਨਾਲ ਖਿਲਵਾੜ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਰਾਬ ਤਸਕਰ ਆਪਣੇ ਨਿੱਜੀ ਮੁਨਾਫੇ ਲਈ ਕਈ ਪ੍ਰਕਾਰ ਦੇ ਹਾਨੀਕਾਰਕ ਵਸਤੂਆਂ ਨੂੰ ਪਾ ਕੇ ਨਾਜਾਇਜ਼ ਲਾਹਣ ਤੋਂ ਸ਼ਰਾਬ ਤਿਆਰ ਕਰ ਕੇ ਇਨਸਾਨੀ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਦੱਸਣਯੋਗ ਹੈ ਕਿ ਸ਼ਰਾਬ ਤਸਕਰ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਲਾਹਣ ਨੂੰ ਤਿਆਰ ਕਰਨ ਲਈ ਪਿੰਡਾਂ ’ਚ ਬਣੇ ਗੰਦੇ ਪਾਣੀ ਵਾਲੇ ਛੱਪੜਾਂ ਅੰਦਰ ਡਰੰਮਾਂ, ਪਾਣੀ ਵਾਲਿਆਂ ਟੈਂਕੀਆਂ ਤੇ ਤ੍ਰਿਪਾਲਾਂ ’ਚ ਗੁੜ ਆਦਿ ਪਾ ਕੇ ਸੇਮਨਾਲਿਆਂ ਜਾਂ ਸ਼ਮਸ਼ਾਨਘਾਟਾਂ ਸੁੰਨਸਾਨ ਜਗਾਂ ਦੀ ਆੜ ਲੈਂਦੇ ਹਨ ਅਤੇ ਇਨ੍ਹਾਂ ਦੇ ਵੱਲੋਂ ਵੱਡੇ-ਵੱਡੇ ਖੱਡੇ ਬਣਾ ਕੇ ਲਾਹਣ ਨੂੰ ਸਟੋਰ ਕੀਤਾ ਜਾਂਦਾ ਹੈ। ਪਰ ਬੀਤੀ ਦਿਨੀਂ ਤੜਕਸਾਰ ਹੀ ਐਕਸਾਈਜ਼ ਵਿਭਾਗ ਤੇ ਪੁਲਿਸ ਪ੍ਰਸਾਸ਼ਨ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਹਲਕੇ ਦੇ ਪਿੰਡ ਦਰੋਗਾ, ਢਾਣੀ ਪ੍ਰੇਮ ਸਿੰਘ ਵਾਲੀ, ਕਾਠਗੜ੍ਹ ਸੇਮਨਾਲਾ ਤੋਂ ਲਾਹਣ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਗਿਆ। ਫਿਲਹਾਲ ਇਸ ਮਾਮਲੇ ’ਚ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀ ਕੀਤਾ।
ਇਸ ਮਾਮਲੇ ਸਬੰਧੀ ਜਦੋਂ ਜਲਾਲਾਬਾਦ ਦੇ ਡੀ.ਐੱਸ.ਪੀ ਜਤਿੰਦਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਸ਼ਰਾਬ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲੇ ਦਰਜ ਕਰਕੇ ਕਈ ਲੋਕਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਤੇ ਪੁਲਿਸ ਪ੍ਰਸਾਸ਼ਨ ਦੇ ਵੱਲੋਂ ਅੱਗੇ ਵੀ ਸ਼ਰਾਬ ਤਸਕਰੀ ਨੂੰ ਰੋਕਣ ਲਈ ਪੂਰਨ ਕੋਸ਼ਿਸ਼ ਕੀਤੀ ਜਾਵੇਗੀ ਅਤੇ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।