Punjab News: ਕਾਂਗਰਸ ਦੇ ਸੀਨੀਅਰ ਲੀਡਰ ਰਾਣਾ ਗੁਰਜੀਤ ਸਿੰਘ ਨੇ ਕਿਸਾਨਾਂ ਨੂੰ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ ਖੁਦ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਉਹ ਸੂਬੇ ਵਿੱਚ ਮੱਕੀ ਦੀ ਬਜਾਈ ਵੀ ਕਰਵਾ ਰਹੇ ਹਨ। ਅਜਿਹੇ ਵਿੱਚ ਕਾਂਗਰਸ ਦੇ ਹੀ ਵਿਧਾਇਕ ਨੇ ਇਸ ਨੂੰ ਬੀਜੇਪੀ-ਅਡਾਨੀ ਮਾਡਲ ਕਰਾਰ ਦਿੱਤਾ ਹੈ। ਖਹਿਰਾ ਨੇ ਇਹ ਵੀ ਸ਼ੱਕ ਪ੍ਰਗਟਾਇਆ ਹੈ ਕਿ ਇਹ ਬੀਜੇਪੀ ਦੇ ਦਬਾਅ ਹੇਠ ਹੀ ਹੋ ਰਿਹਾ ਹੈ। ਖਹਿਰਾ ਦੇ ਦਾਅਵੇ ਮਗਰੋਂ ਕਈ ਸਵਾਲ ਖੜ੍ਹੇ ਹੋ ਗਏ ਹਨ।
ਦਰਅਸਲ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ’ਤੇ ਨਿੱਜੀ ਮੱਕੀ ਦੀ ਖ਼ਰੀਦ ਨੂੰ ਲੈ ਕੇ ਉਂਗਲ ਉਠਾਈ ਹੈ। ਉਹ ਪਹਿਲਾਂ ਵੀ ਰਾਣਾ ਗੁਰਜੀਤ ਸਿੰਘ ’ਤੇ ਸੁਆਲ ਉਠਾ ਚੁੱਕੇ ਹਨ ਪਰ 10 ਮਾਰਚ ਨੂੰ ਰਾਣਾ ਗੁਰਜੀਤ ਵੱਲੋਂ ਮੁਕਤਸਰ ’ਚ ਕੀਤੀ ਕਿਸਾਨ ਇਕੱਤਰਤਾ ਦੇ ਹਵਾਲੇ ਨਾਲ ਖਹਿਰਾ ਨੇ ਮੁੜ ਸੁਆਲ ਖੜ੍ਹੇ ਕੀਤੇ ਹਨ।
ਰਾਣਾ ਗੁਰਜੀਤ ਨਰਮਾ ਪੱਟੀ ’ਚ ਜ਼ਮੀਨੀ ਪਾਣੀ ਦੇ ਬਚਾਅ ਤੇ ਨਰਮੇ ਦੇ ਬਦਲ ਵਜੋਂ ਮੱਕੀ ਦੀ ਕਾਸ਼ਤ ਕਰਾਏ ਜਾਣ ਨੂੰ ਲੈ ਕੇ ਕਿਸਾਨਾਂ ਨਾਲ ਮਿਲਣੀਆਂ ਕਰ ਰਹੇ ਹਨ। ਉਹ ਕਿਸਾਨਾਂ ਤੋਂ ਸਰਕਾਰੀ ਭਾਅ ’ਤੇ ਮੱਕੀ ਦੀ ਖ਼ਰੀਦ ਕੀਤੇ ਜਾਣ ਦਾ ਵਾਅਦਾ ਵੀ ਕਰ ਰਹੇ ਹਨ। ਕਾਂਗਰਸੀ ਵਿਧਾਇਕ ਖਹਿਰਾ ਨੇ ਕਿਹਾ ਹੈ ਕਿ ਰਾਣਾ ਗੁਰਜੀਤ ਦੇ ਈਥਾਨੋਲ ਪਲਾਂਟਾਂ ਲਈ ਮੱਕੀ ਦੀ ਨਿੱਜੀ ਖ਼ਰੀਦ ਨਾਲ ਉਹ ਸਹਿਮਤ ਨਹੀਂ ਹਨ ਕਿਉਂਕਿ ਇਹ ਨਿੱਜੀ ਮੰਡੀਕਰਨ ਦਾ ਭਾਜਪਾ-ਅਡਾਨੀ ਮਾਡਲ ਦਾ ਹੀ ਰੂਪ ਹੈ। ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਨੇ ਇਹ ਮੁਹਿੰਮ ਅਜਿਹੇ ਸਮੇਂ ਕਿਉਂ ਸ਼ੁਰੂ ਕੀਤੀ ਤੇ ਦੋਆਬੇ ਦੀ ਥਾਂ ਮਾਲਵੇ ਦੀ ਚੋਣ ਕਿਉਂ ਕੀਤੀ। ਕੀ ਇਹ ਭਾਜਪਾ ਦੇ ਦਬਾਅ ਹੇਠ ਹੋ ਰਿਹਾ ਹੈ।
ਰਾਣਾ ਗੁਰਜੀਤ ਮੱਕੀ ’ਤੇ ਘੱਟੋ ਘੱਟ ਸਮਰਥਨ ਮੁੱਲ ਦਾ ਵਾਅਦਾ ਕਰ ਰਹੇ ਹਨ ਪਰ ਉਨ੍ਹਾਂ ਵੱਲੋਂ ਨਵੀਂ ਐਕੁਆਇਰ ਕੀਤੀ ਫਗਵਾੜਾ ਸ਼ੂਗਰ ਮਿੱਲ ਨੇ 2021-22 ਤੋਂ ਕਿਸਾਨਾਂ ਦੇ 27.74 ਕਰੋੜ ਗੰਨੇ ਦੇ ਬਕਾਏ ਦਾ ਭੁਗਤਾਨ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਰਾਣਾ ਗੁਰਜੀਤ ਨੇ ਪਾਰਟੀ ਮੰਚ ’ਤੇ ਚਰਚਾ ਕਰਨਾ ਸਹੀ ਨਹੀਂ ਸਮਝਿਆ। ਉਧਰ, ਰਾਣਾ ਗੁਰਜੀਤ ਪਹਿਲਾਂ ਹੀ ਆਖ ਚੁੱਕੇ ਹਨ ਕਿ ਜੇ ਕਾਂਗਰਸ ਨੇ ਪੰਜਾਬ ’ਚ ਸਰਕਾਰ ਬਣਾਉਣੀ ਹੈ ਤਾਂ ਸਭ ਨੂੰ ਇੱਕਮੁੱਠ ਹੋਣਾ ਪਵੇਗਾ। ਉਨ੍ਹਾਂ ਨੇ ਹਾਲੇ ਖਹਿਰਾ ਦੇ ਸੁਆਲਾਂ ਦੇ ਜੁਆਬ ਵਿੱਚ ਕੁੱਝ ਨਹੀਂ ਕਿਹਾ ਹੈ ਪ੍ਰੰਤੂ ਹੁਣ ਖਹਿਰਾ ਦੇ ਸੁਆਲਾਂ ਨੇ ਕਾਂਗਰਸ ਵਿੱਚ ਧੜੇਬੰਦੀ ਜਿਉਂ ਦੀ ਤਿਉਂ ਹੋਣ ’ਤੇ ਮੋਹਰ ਲਗਾ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।