ਪੰਜਾਬ ‘ਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲਾਂ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ। ਦਰਅਸਲ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ‘ਚ ਪੰਜਾਬ ਦੇ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਿੱਸਾ ਲੈਂਦੇ ਹਨ ਪਰ ਇਸ ਸਮੇਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ।
ਇਸ ਲਈ ਸਿੱਖਿਆ ਵਿਭਾਗ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਅਧਿਆਪਕ ਅਤੇ ਵਿਦਿਆਰਥੀ ਆਪਣੇ-ਆਪਣੇ ਘਰਾਂ ਤੋਂ ਯੋਗ ਦਿਵਸ ‘ਚ ਹਿੱਸਾ ਲੈਣ। ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਇਸ ਮੌਕੇ ‘ਤੇ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮ ਆਯੋਜਿਤ ਕਰਨ ਅਤੇ ਯੋਗ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ।
ਸਿੱਖਿਆ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਯੋਗ ਦਿਵਸ ‘ਚ ਹਿੱਸਾ ਲੈਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸੂਚਨਾ ਵਿਭਾਗ ਵਲੋਂ ਭੇਜੇ ਜਾ ਰਹੇ Google Spreadsheet Link ‘ਚ 21 ਤਾਰੀਖ਼ ਸ਼ਾਮ ਨੂੰ 5 ਵਜੇ ਤੱਕ ਭਰਨੀ ਯਕੀਨੀ ਬਣਾਈ ਜਾਵੇ।
21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਯੋਗ ਦਿਵਸ? ਕਦੋਂ ਹੋਈ ਸ਼ੁਰੂਆਤ
ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆ ਭਰ ਵਿੱਚ ਯੋਗ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਥਾਂ-ਥਾਂ ‘ਤੇ ਕੈਂਪ ਲਾ ਕੇ ਯੋਗ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਯੋਗ ਸਾਡੇ ਲਾਈਫਸਟਾਈਲ ਲਈ ਕਿੰਨਾ ਜ਼ਰੂਰੀ ਹੈ, ਇਸ ਦਾ ਜ਼ਿਕਰ ਸ਼ਾਸਤਰਾਂ ਵਿੱਚ ਮਿਲਦਾ ਹੈ। ਅਜਿਹੇ ਵਿੱਚ ਇਸ ਦਾ ਮਹੱਤਵ ਸਮਝਾਉਣ ਲਈ ਸਾਲ ਦੇ ਇਕ ਦਿਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੂਕਤ ਰਾਸ਼ਟਰ ਸੰਘ ਦੀ ਬੈਠਕ ਵਿੱਚ ਸਾਲ ਵਿੱਚ ਕਿਸੇ ਇੱਕ ਦਿਨ ਨੂੰ ਯੋਗ ਦੇ ਨਾਮ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਸਭਾ ਨੇ ਸਵੀਕਾਰ ਕਰ ਲਿਆ ਸੀ। ਭਾਰਤ ਦੀ ਪਹਿਲ ‘ਤੇ ਯੋਗ ਦੀ ਤਾਕਤ ਨੂੰ ਸਮਝਦਿਆਂ ਹੋਇਆਂ ਦੁਨੀਆ ਭਰ ਵਿੱਚ ਵਸ ਰਹੇ ਲੋਕ ਯੋਗ ਨੂੰ ਮਹੱਤਵ ਦਿੰਦੇ ਹਨ ਅਤੇ ਹਰ ਘਰ ਵਿੱਚ ਯੋਗ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਦੇ ਇਸ ਪ੍ਰਸਤਾਵ ਤੋਂ ਬਾਅਦ ਦੁਨੀਆ ਭਰ ਦੇ ਲੋਕ ਯੋਗ ਦਿਵਸ ਮਨਾਉਂਦੇ ਹਨ।
ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ
ਪ੍ਰਸਤਾਵ ਪਾਸ ਹੋਣ ਤੋਂ ਬਾਅਦ ਹੀ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 21 ਜੂਨ 2015 ਨੂੰ ਦੁਨੀਆ ਭਰ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦਿਨ 35 ਹਜ਼ਾਰ ਤੋਂ ਵੱਧ ਲੋਕਾਂ ਨੇ ਦਿੱਲੀ ਦੇ ਰਾਜਪਥ ‘ਤੇ ਯੋਗ ਕੀਤਾ ਜਿਸ ਵਿੱਚ 84 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ। ਇਹ ਪ੍ਰੋਗਰਾਮ ਗਿਨੀਜ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ। ਪਹਿਲੀ ਵਾਰ ਦਿੱਲੀ ਦੇ ਰਾਜਪਥ ‘ਤੇ ਪੀਐਮ ਮੋਦੀ ਦੀ ਅਗਵਾਈ ਵਿੱਚ ਯੋਗ ਦੇ 21 ਆਸਣ ਕੀਤੇ ਗਏ ਸਨ, ਉਦੋਂ ਤੋਂ ਹੀ ਲਗਾਤਾਰ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।