ਅੰਮ੍ਰਿਤਸਰ: ਗੁਰੂ ਨਗਰੀ ਦੀਆਂ ਸੜਕਾਂ 'ਤੇ ਜੇਕਰ ਤੁਸੀਂ ਆਪਣੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਆਪਣੀ ਬਾਈਕ ਚਲਾਉਂਦੇ ਨਜ਼ਰ ਆ ਗਏ ਤਾਂ ਪੁਲਿਸ ਵੱਲੋਂ ਤੁਹਾਡੇ ਖਿਲਾਫ ਤੁਰੰਤ ਕੇਸ ਦਰਜ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਹੁਣ ਤੱਕ ਕਰੀਬ 20 ਲੋਕਾਂ ਖਿਲਾਫ ਕਸ ਦਰਜ ਕੀਤੇ ਜਾ ਚੁੱਕੇ ਹਨ।
ਅੰਮ੍ਰਿਤਸਰ ਦੇ ਡੀ.ਸੀ.ਪੀ. ਜੇ. ਏਲਨਚੇਜ਼ੀਅਨ ਨੇ ਦੱਸਿਆ ਕਿ ਸ਼ਹਿਰ ਵਿੱਚ ਲੁੱਟ-ਖੋਹ, ਗੋਲੀ ਚੱਲਣ ਤੇ ਗੈਂਗਵਾਰ ਵਰਗੀਆਂ ਘਟਨਾਵਾਂ 'ਤੇ ਠੱਲ੍ਹ ਪਾਉਣ ਦੇ ਮੰਤਵ ਨਾਲ ਪੁਲਿਸ ਕਮਿਸ਼ਨਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਵਹਾਨ ਚਲਾਕ ਆਪਣੇ ਮੂੰਹ ਨੂੰ ਢੱਕ ਕੇ ਵਹਾਣ ਚਲਾਉਂਦਾ ਹੈ ਤਾਂ ਉਸ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਜਾਵੇ। ਇਸ ਹੁਕਮ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ ਵਿੱਚ ਲਾਏ ਗਏ ਵੱਖ-ਵੱਖ ਨਾਕਿਆਂ 'ਤੇ ਕਰੀਬ 20 ਲੋਕਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਹੁਕਮ ਸਿਰਫ ਨੌਜਵਾਨਾਂ ਜਾਂ ਮਾਰਦਾਂ ਲਈ ਹੀ ਨਹੀਂ ਸਗੋਂ ਮਹਿਲਾਵਾਂ ਤੇ ਕੁੜੀਆਂ ਲਈ ਵੀ ਜਾਰੀ ਕੀਤੇ ਗਏ ਹਨ। ਹਾਲੇ ਤੱਕ ਕਿਸੇ ਵੀ ਕੁੜੀ ਜਾਂ ਔਰਤ ਖਿਲਾਫ ਕੇਸ ਦਰਜ ਨਹੀਂ ਕੀਤਾ ਗਿਆ। ਆਮ ਤੌਰ ਵਧੇਰੇ ਔਰਤਾਂ ਜਾਂ ਕੁੜੀਆਂ ਹੀ ਦੋ ਪਹੀਆ ਵਾਹਨਾਂ 'ਤੇ ਮੂੰਹ ਢੱਕ ਕੇ ਵਾਹਨ ਚਲਾਉਂਦੀਆਂ ਦਿਖਾਈ ਦਿੰਦੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿੱਚ ਲੁੱਟ-ਖੋਹ ਕਾਰਨ ਜਾਂ ਮਾਹੌਲ ਖ਼ਰਾਬ ਕਰਨ ਵਾਲੇ ਮਾੜੇ ਅਨਸਰਾਂ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕੇ।
ਪੁਲਿਸ ਵੱਲੋਂ ਜਿਸ ਵਾਹਨ ਚਲਾਕ ਖਿਲਾਫ ਕੇਸ ਦਰਜ ਕੀਤਾ ਜਾਂਦਾ ਹੈ, ਉਸ ਨੂੰ ਓਸੇ ਹੀ ਥਾਣੇ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅਦਾਲਤ 'ਤੇ ਨਿਰਭਰ ਕਰਦਾ ਹੈ ਕਿ ਉਸ ਵਾਹਨ ਚਲਾਕ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ।