ਜਲੰਧਰ: ਸਥਾਨਕ ਦਿਹਾਤੀ ਪੁਲਿਸ ਨੇ 2 ਨੌਜਵਾਨਾਂ ਨੂੰ 600 ਗਰਾਮ ਹੈਰੋਇਨ ਤੇ 5 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਫੜੇ ਗਏ ਦੋਵਾਂ ਨੌਜਵਾਨਾਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਹੁਸ਼ਿਆਰਪੁਰ ਤੇ ਜੋਸ਼ੂਆ ਅਮਾਗਵਾ ਉਰਫ ਸਮਿੱਥ ਵਾਸੀ ਦੱਖਣੀ ਅਫ਼ਰੀਕਾ ਵਜੋਂ ਹੋਈ ਹੈ। ਪੁਲਿਸ ਨੇ ਪਦਿਆਣਾ-ਆਦਮਪੁਰ ਨੇੜੇ ਨਾਕਾ ਲਾਇਆ ਸੀ, ਜਿੱਥੇ ਸੁਖਵਿੰਦਰ ਨੂੰ ਚੈਕਿੰਗ ਲਈ ਰੋਕਿਆ ਗਿਆ ਸੀ। ਇਸੇ ਦੌਰਾਨ ਉਸ ਕੋਲੋਂ 100 ਗਰਾਮ ਹੈਰੋਇਨ ਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸੁਖਵਿੰਦਰ ਨੇ ਆਪਣੇ ਸਾਥੀ ਦਾ ਨਾਂ ਦੱਸਿਆ ਜਿਸ ਪਿੱਛੋਂ ਪੁਲਿਸ ਨੇ ਉਸ ਦੇ ਸਾਥੀ ਜੋਸ਼ੂਆ ਅਮਾਗਵਾ ਉਰਫ ਸਮਿੱਥ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਵੀ 500 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਲੰਧਰ ਦਿਹਾਤੀ ਦੇ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਸੁਖਵਿੰਦਰ ਸਮਿੱਥ ਕੋਲੋਂ ਹੈਰੋਇਨ ਲਿਆ ਕੇ ਇੱਥੇ ਵੇਚਦਾ ਸੀ। ਫਿਲਹਾਲ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਅਦਾਲਤ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਦੋ ਦਿਨਾਂ ਦੀ ਰਿਮਾਂਡ ਦਿੱਤੀ ਗਈ ਹੈ।