ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਖ਼ਾਲਿਸਤਾਨ ਜਿੰਦਾ ਫੋਰਸ ਨਾਲ ਜੁੜੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲਿਸ ਦੇ ਕਾਊਟਰ ਇੰਟੈਲੀਜੈਂਸ ਦੇ ਆਈਜੀ ਐਮਐਮ ਫਾਰੂਕੀ ਨੇ ਆਖਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਵਿੱਚ ਇੱਕ ਚੰਡੀਗੜ੍ਹ ਨੇੜਲੇ ਪਿੰਡ ਖੁੱਡਾ ਅਲੀ ਸ਼ੇਰ ਦਾ ਰਸ਼ਪਾਲ ਸਿੰਘ, ਜਲੰਧਰ ਨੇੜਲੇ ਪਿੰਡ ਲੋਹੀਆ ਗੁਰਪਾਲ ਸਿੰਘ ਤੇ ਹਰਿਆਣਾ ਦੇ ਕਰਨਾਲ ਮੇਜਰ ਸਿੰਘ ਹੈ। ਤਿੰਨਾਂ ਤੋਂ ਦੋ ਪਿਸਟਲਾਂ ਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਐਮਐਮ ਫਾਰੂਕੀ ਨੇ ਦੱਸਿਆ ਕਿ ਇਨ੍ਹਾਂ ਨੂੰ ਪਾਕਿਸਤਾਨ, ਬੈਲਜੀਅਮ ਤੇ ਇੰਗਲੈਂਡ ਤੋਂ ਫ਼ੰਡ ਆਉਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਤਿੰਨੇ ਪੰਜਾਬ ਵਿੱਚ ਚੋਣਾਂ ਦੌਰਾਨ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਵਿੱਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਇਨ੍ਹਾਂ ਦੇ ਨਾਲ ਦੋ ਐਨ.ਆਰ.ਆਈ. ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਇਨ੍ਹਾਂ ਵਿੱਚੋਂ ਇੱਕ ਅਮਰੀਕਾ ਦੀ ਗਰਮ-ਖ਼ਿਆਲੀ ਜਥੇਬੰਦੀ ‘ਸਿੱਖ ਫ਼ਾਰ ਜਸਟਿਸ’ ਦੇ ਨੇਤਾ ਹਰਜਾਪ ਸਿੰਘ ਜਾਪੀ ਤੇ ਇਟਲੀ ਵਿੱਚ ਰਹਿ ਰਹੇ ਅਵਤਾਰ ਸਿੰਘ ਸ਼ਾਮਲ ਹਨ। ਇਹ ਦੋਵੇਂ ਹੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਪਹਿਲੀ ਵਾਰ ‘ਸਿੱਖ ਫ਼ਾਰ ਜਸਟਿਸ’ ਦਾ ਅੱਤਵਾਦੀ ਨਾਲ ਲਿੰਕ ਸਾਹਮਣੇ ਆਏ ਸਨ। ਪੁਲਿਸ ਨੇ ਇਹਨਾਂ ਕੋਲੋਂ 3 ਪਿਸਟਲ, 15 ਬੁਲੇਟ ਪਰੂਫ਼ ਜੈਕਟਾਂ ਤੇ ਵਿਸਫੋਟਕ ਬਰਾਮਦ ਕੀਤਾ ਸੀ।