ਚੋਰਾਂ ਨੇ ਪੁਲਿਸ ਨਾਲ ਹੀ ਲਾਇਆ ਮੱਥਾ, ਬੋਲੈਰੋ ਉਡਾਈ
ਏਬੀਪੀ ਸਾਂਝਾ | 05 Jun 2018 05:54 PM (IST)
ਸੰਕੇਤਕ ਤਸਵੀਰ
ਮੁਹਾਲੀ: ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਪੁਲਿਸ ਨੂੰ ਵੀ ਨਹੀਂ ਬਖਸ਼ ਰਹੇ। ਚੋਰਾਂ ਨੇ ਮੁਹਾਲੀ ਪੁਲਿਸ ਦੀ ਗੱਡੀ ਚੋਰੀ ਕਰ ਲਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਮਹਿੰਦਰਾ ਬੋਲੈਰੋ (PB 06 D 0034) ਮੁਹਾਲੀ ਦੇ ਸੈਕਟਰ 66 ਵਿੱਚੋਂ ਚੋਰੀ ਹੋ ਗਈ। ਗੱਡੀ ਚੋਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਲਾਅ ਐਂਡ ਆਰਡਰ ਡਿਪਾਰਟਮੈਂਟ ਵੱਲੋਂ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦਾ ਮੁਲਾਜ਼ਮ ਮਨਜੀਤ ਸਿੰਘ ਇੱਕ ਜੂਨ ਦੀ ਰਾਤ ਨੂੰ ਲੁਧਿਆਣੇ ਤੋਂ ਕੋਰਟ ਦੀ ਤਾਰੀਕ ਮਗਰੋਂ ਆਪਣੇ ਘਰ ਸੈਕਟਰ 66 ਵਿੱਚ ਆਇਆ ਸੀ। ਦੇਰ ਰਾਤ ਘਰ ਪਰਤਣ ਕਰਕੇ ਉਸ ਨੇ ਗੱਡੀ ਘਰੇ ਹੀ ਖੜ੍ਹੀ ਕਰ ਲਈ। ਦੋ ਜੂਨ ਨੂੰ ਜਦੋਂ ਸਵੇਰੇ ਸਾਢੇ ਚਾਰ ਵਜੇ ਉਹ ਆਫਿਸ ਜਾਣ ਲਈ ਘਰੋਂ ਨਿਕਲਿਆ ਤਾਂ ਗੱਡੀ ਚੋਰੀ ਹੋ ਚੁੱਕੀ ਸੀ। ਸੂਤਰਾਂ ਮੁਤਾਬਕ ਗੱਡੀ ਵਿੱਚ ਕੁਝ ਅਹਿਮ ਕਾਗਜ਼ਾਤ ਵੀ ਸੀ। ਗੱਡੀ ਚੋਰੀ ਦਾ ਪਰਚਾ ਮੁਹਾਲੀ ਦੇ ਫ਼ੇਜ਼ 11 ਵਿੱਚ ਦਰਜ ਹੈ। ਇਸ ਦੀ ਡਿਪਾਰਟਮੈਂਟਲ ਇੰਕੁਆਇਰੀ ਆਈਜੀ ਲੇਵਲ ਦਾ ਅਫਸਰ ਕਰ ਰਿਹਾ ਹੈ।