ਬਲਾਤਕਾਰੀ ਬਾਬੇ ਨਾਲ ਫੜੀ ਗਈ ਜਿਪਸੀ ਲੈਣ ਪੰਜਾਬ ਪੁਲਿਸ ਪੁੱਜੀ ਅਦਾਲਤ
ਏਬੀਪੀ ਸਾਂਝਾ | 07 Jun 2018 02:02 PM (IST)
ਚੰਡੀਗੜ੍ਹ: ਬਲਾਤਕਾਰ ਮਾਮਲੇ ਦੀ ਸੁਣਵਾਈ ਦੌਰਾਨ ਪਿਛਲੇ ਸਾਲ 25 ਅਗਸਤ ਨੂੰ ਰਾਮ ਰਹੀਮ ਦੇ ਕਾਫ਼ਲੇ ਵਿੱਚ ਮੌਜੂਦ ਪੰਜਾਬ ਪੁਲਿਸ ਆਪਣੀ ਜਿਪਸੀ ਨੂੰ ਵਾਪਸ ਲੈਣ ਲਈ ਪੰਚਕੂਲਾ ਅਦਾਲਤ ਪਹੁੰਚ ਗਈ ਹੈ। 'ਏਬੀਪੀ ਸਾਂਝਾ' ਨੇ ਬੀਤੀ 26 ਮਈ ਨੂੰ ਖੁਲਾਸਾ ਕੀਤਾ ਸੀ ਕਿ ਪੰਜਾਬ ਪੁਲਿਸ ਦੀ ਜਿਪਸੀ ਜਿਸ 'ਤੇ ਆਰਜ਼ੀ ਨੰਬਰ ਲੱਗਿਆ ਹੋਇਆ ਸੀ, ਰਾਮ ਰਹੀਮ ਦੇ ਕਾਫ਼ਲੇ ਨਾਲ ਪੰਚਕੂਲਾ ਆਈ ਸੀ। ਪੰਜਾਬ ਪੁਲfਸ ਦੀ ਇਸੇ ਜਿਪਸੀ 'ਤੇ ਰਾਮ ਰਹੀਮ ਦੇ ਕਾਫਲੇ ਦਾ ਗੱਡੀ ਨੰਬਰ ਉੱਨੀ ਲੱਗਿਆ ਹੋਇਆ ਸੀ, ਜਿਸ ਨੂੰ ਪੰਚਕੂਲਾ ਪੁਲਿਸ ਨੇ ਮਨਸਾ ਦੇਵੀ ਕੰਪਲੈਕਸ ਦੀ ਪਾਰਕਿੰਗ ਵਿੱਚੋਂ ਕਬਜ਼ੇ ਵਿੱਚ ਲਿਆ ਸੀ। ਹਾਲਾਂਕਿ, 'ਏਬੀਪੀ ਸਾਂਝਾ' ਦੇ ਇਸ ਜਿਪਸੀ ਬਾਰੇ ਕੀਤੇ ਸਵਾਲਾਂ ਉਤੇ ਪੰਜਾਬ ਤੇ ਹਰਿਆਣਾ ਪੁਲਿਸ ਨੇ ਚੁੱਪੀ ਸਾਧੀ ਰੱਖੀ ਸੀ। ਹੁਣ ਇੱਕ ਹਫ਼ਤੇ ਬਾਅਦ ਅੱਜ ਪੰਜਾਬ ਪੁਲਿਸ ਪੰਚਕੂਲਾ ਅਦਾਲਤ ਵਿੱਚ ਜਿਪਸੀ ਛੁਡਾਉਣ ਦੀ ਗੁਜ਼ਾਰਿਸ਼ ਲੈ ਕੇ ਪਹੁੰਚੀ ਹੈ।